ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਨਗਰ ਦੇ 10 ਵਸਨੀਕਾਂ ਦੇ ਯੂਕਰੇਨ ਤੇ ਨੇੜਲੇ ਦੇਸ਼ਾਂ ਦੇ ਬਾਰਡਰ ‘ਤੇ ਹੋਣ ਦੀ ਸੂਚੀ ਸਰਕਾਰ ਨੂੰ ਭੇਜੀ
ਸੂਬਾਈ ਗ੍ਰਹਿ ਵਿਭਾਗ ਰਾਹੀਂ ਵਿਦੇਸ਼ ਮੰਤਰਾਲੇ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਸਮੁੱਚੀ ਜਾਣਕਾਰੀ
ਡੀ ਸੀ ਵਿਸ਼ੇਸ਼ ਸਾਰੰਗਲ ਵੱਲੋਂ ਪਰਿਵਾਰਾਂ ਨੂੰ ਉਨ੍ਹਾਂ ਦੇ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ
ਨਵਾਂਸ਼ਹਿਰ, 26 ਫ਼ਰਵਰੀ (Sourav Joshi):
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਅਜਿਹੇ 10 ਵਸਨੀਕਾਂ ਦੀ ਸ਼ਨਾਖ਼ਤ ਕੀਤੀ ਹੈ ਜੋ ਕਿ ਯੂਕਰੇਨ ਅਤੇ ਨੇੜਲੇ ਦੇਸ਼ਾਂ ਦੀਆਂ ਸਰਹੱਦਾਂ ‘ਤੇ, ਰੂਸ – ਯੂਕਰੇਨ ਲੜਾਈ ਦੇ ਕਾਰਣ ਫ਼ਸ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਨੌਂ ਵਿਦਿਆਰਥੀ ਵੀਜੇ ਤੇ ਅਤੇ ਇੱਕ ਵਰਕ ਵੀਜ਼ੇ ਤੇ ਉੱਥੇ ਗਏ ਸਨ।
ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ਨੰਬਰ ਜਾਰੀ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ 10 ਪਰਿਵਾਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਉੱਥੇ ਫ਼ਸੇ ਹੋਣ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ, ” ਅਸੀਂ ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਅਤ ਘਰ ਵਾਪਸੀ ਦਾ ਭਰੋਸਾ ਦਿੱਤਾ ਹੈ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਮੁੱਚੀ ਜਾਣਕਾਰੀ, ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸਾਂਝੀ ਕੀਤੀ ਗਈ ਹੈ।”
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਵਿਚੋਂ 8 ਵਸਨੀਕ ਨਵਾਂਸ਼ਹਿਰ ਸਬ ਡਵੀਜ਼ਨ ਅਤੇ ਇੱਕ – ਇੱਕ ਬੰਗਾ ਤੇ ਬਲਾਚੌਰ ਸਨ ਡਵੀਜ਼ਨ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਾਂ ਕੋਲ ਆਪਣੇ ਇਨ੍ਹਾਂ ਮੈਂਬਰਾਂ ਦੀ ਉਪਲਬਧ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਤਿੰਨ ਪੋਲੈਂਡ ਦੇ ਬਾਰਡਰ ਅਤੇ ਦੋ ਰੋਮਾਨੀਆ ਦੇ ਬਾਰਡਰ ‘ਤੇ ਫ਼ਸੇ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਵਸਨੀਕਾਂ ਦੀ ਇਸ ਔਖੀ ਘੜੀ ਵਿੱਚ ਬਾਂਹ ਫੜਨ ਲਈ ਪਹਿਲਾਂ ਹੀ ਹੈਲਪ ਲਾਈਨ ਨੰਬਰ 90417-62008 ਅਤੇ 84370-03918 ਜਾਰੀ ਕਰ ਚੁੱਕਾ ਹੈ। ਇਸ ਤੋਂ ਇਲਾਵਾ ਈ ਮੇਲ ਆਈ ਡੀ dc.nsr@punjab.gov.in ਤੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਹੈਲਪ ਲਾਈਨ ਦਾ ਨੋਡਲ ਅਫ਼ਸਰ ਇੱਕ ਪੀ ਸੀ ਐਸ ਅਧਿਕਾਰੀ, ਸਹਾਇਕ ਕਮਿਸ਼ਨਰ (ਜਨਰਲ) ਨੂੰ ਲਾਇਆ ਗਿਆ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp