ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਭਰਪੂਰ ਅਤੇ ਮੈਡੀਸਨਲ ਬੂਟੇ ਲਗਵਾ ਕੇ ਪੋਸ਼ਣ ਪੰਦਰਵਾੜੇ ਦੀ ਸ਼ੁਰੂਆਤ

ਕੁਪੋਸ਼ਣ ਦੇ ਖਾਤਮੇ ਅਤੇ ਜੱਚਾ-ਬੱਚਾ ਸਿਹਤ ਸੰਭਾਲ ’ਤੇ ਆਧਾਰਤ ਪੋਸ਼ਣ ਪੰਦਰਵਾੜਾ ਸ਼ੁਰੂ
ਪੰਦਰਵਾੜੇ ਦੇ ਪਹਿਲੇ ਦਿਨ ਆਂਗਣਵਾੜੀ ਕੇਂਦਰਾਂ ’ਚ ਲਾਏ ਪੋਸ਼ਣ ਭਰਪੂਰ ਅਤੇ ਮੈਡੀਸਨਲ ਬੂਟੇ
ਲੋਕਾਂ ਨੂੰ ਘਰਾਂ ਵਿੱਚ ਅਜਿਹੇ ਬੂਟੇ ਲਾਉਣ ਅਤੇ ਕੋਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ
ਹੁਸ਼ਿਆਰਪੁਰ, 16 ਮਾਰਚ:  ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਭਰਪੂਰ ਅਤੇ ਮੈਡੀਸਨਲ ਬੂਟੇ ਲਗਵਾ ਕੇ ਪੋਸ਼ਣ ਪੰਦਰਵਾੜੇ ਦੀ ਸ਼ੁਰੂਆਤ ਕਰਵਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਕੁਪੋਸ਼ਣ ਦੇ ਖਾਤਮੇ ਲਈ ਸਾਂਝੇ ਤੌਰ ’ਤੇ ਹੰਭਲਾ ਮਾਰਨਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਜੱਚਾ-ਬੱਚਾ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕੇ।
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੋਸ਼ਣ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਆਂਗਣਵਾੜੀ ਸੈਂਟਰਾਂ ’ਚ ਔਸ਼ਧੀ ਭਰਪੂਰ ਬੂਟੇ ਲਾਉਣ ਦੇ ਨਾਲ-ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੀ ਇਹ ਸੁਨੇਹਾ ਦਿੱਤਾ ਗਿਆ ਕਿ ਅਰਜਨ, ਸੁਹਾਂਜਣਾ, ਕੜੀ ਪੱਤਾ, ਨਿੰਬੂ, ਅੰਬ, ਬਿਲ, ਤੁਲਸੀ, ਨਿੰਮ ਆਦਿ ਵਰਗੇ ਬੂਟੇ ਘਰਾਂ ਵਿੱਚ ਲਗਾਏ ਜਾਣ ਜਿਹੜੇ ਲੋਕਾਂ ਦੀ ਸਿਹਤ ਸੰਭਾਲ ਦੇ ਕੰਮ ਆਉਣ ਤੋਂ ਇਲਾਵਾ ਵਾਤਾਵਰਣ ਨੂੰ ਵੀ ਸ਼ੁੱਧ ਰੱਖਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਲੋਕਾਂ ਨੂੰ ਬੱਚਿਆਂ, ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਵਿੱਚ ਅਧੂਰੀ ਪੌਸ਼ਟਿਕਤਾ ਨੂੰ ਖਤਮ ਕਰਨ, ਬੱਚਿਆਂ ਵਿੱਚ ਬੌਨੇਪਨ ਨੂੰ ਰੋਕਣ, ਖੂਨ ਦੀ ਘਾਟ ਨੂੰ ਦੂਰ ਕਰਨ ਅਤੇ ਕੁਪੋਸ਼ਣ ਵਿਰੁੱਧ ਜਾਗਰੂਕ ਕੀਤਾ ਗਿਆ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕੇ। ਟੀਮਾਂ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਦਿਆਂ ਪੌਸ਼ਟਿਕ ਖੁਰਾਕ ਖਾਣ, ਟੀਕਾਕਰਨ ਕਰਵਾਉਣ, ਘਰਾਂ ਤੋਂ ਬਾਹਰ ਜਾਣ ਵੇਲੇ ਮਾਸਕ ਪਾਉਣ ਤੇ ਹੋਰ ਸਿਹਤ ਸਲਾਹਕਾਰੀਆਂ ’ਤੇ ਢੁਕਵਾਂ ਅਮਲ ਕਰਨ ਦੀ ਵੀ ਅਪੀਲ ਕੀਤੀ ਗਈ।
ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ 31 ਮਾਰਚ ਤੱਕ ਚੱਲਣ ਵਾਲੇ ਪੋਸ਼ਣ ਪੰਦਰਵਾੜਾ ਦੌਰਾਨ ਜ਼ਿਲ੍ਹੇ ਵਿੱਚ ਕੁਪੋਸ਼ਣ ਅਤੇ ਜੱਚਾ-ਬੱਚਾ ਦੀ ਸੁਚੱਜੀ ਸਾਂਭ-ਸੰਭਾਲ ’ਤੇ ਕੇਂਦਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਸ ਤਹਿਤ 17 ਮਾਰਚ ਨੂੰ ਵੀ ਆਂਗਣਵਾੜੀ ਸੈਂਟਰਾਂ ਵਿੱਚ ਮੈਡੀਸਨਲ ਬੂਟੇ ਲਗਾਏ ਜਾਣ ਦੇ ਨਾਲ-ਨਾਲ ਰਾਸ਼ਟਰੀ ਮੈਡੀਸਨਲ ਪਲਾਂਟ ਬੋਰਡ ਵਲੋਂ ਕੁਪੋਸ਼ਣ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 18 ਅਤੇ 19 ਮਾਰਚ ਨੂੰ ਪੰਚਾਇਤਾਂ ਨਾਲ ਮੀਟਿੰਗਾਂ ਹੋਣਗੀਆਂ ਅਤੇ ਬੱਚਿਆਂ ਦਾ ਭਾਰ ਅਤੇ ਲੰਬਾਈ ਨਾਪੀ ਜਾਵੇਗੀ। ਇਸੇ ਦਿਨ ਬੱਚਿਆਂ ਵਿੱਚ ਕੁਪੋਸ਼ਣ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਕੁਪੋਸ਼ਿਤ ਬੱਚਿਆਂ ਦੀ ਸਿਹਤ ਸੰਭਾਲ ਲਈ ਲੋੜੀਂਦੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ।
ਇਸੇ ਤਰ੍ਹਾਂ 20 ਅਤੇ 21 ਮਾਰਚ ਨੂੰ ਟੀਮਾਂ ਵਲੋਂ ਲੋਕਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਯੋਗ ਅਤੇ ਆਯੁਰਵੈਦ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਪ੍ਰਧਾਨ ਮੰਤਰੀ ਵਲੋਂ ਪੋਸ਼ਣ ਐਟਲਸ, ਪੋਸ਼ਣ ਟਰੈਕਰ ਅਤੇ ਮਿਸ਼ਨ ਕਲਪਤਾਰੂ ਲਾਂਚ ਕੀਤਾ ਜਾਵੇਗਾ। ਇਸੇ ਤਰ੍ਹਾਂ 23 ਅਤੇ 24 ਮਾਰਚ ਨੂੰ ਸਾਰੇ ਪਿੰਡਾਂ ਵਿੱਚ ਯੋਗ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ 25 ਤੇ 26 ਮਾਰਚ ਨੂੰ ਪੋਸ਼ਣ ਵਾਟਿਕਾ ਬਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਬੀਜ ਆਂਗਣਵਾੜੀ ਕੇਂਦਰਾਂ ਅਤੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਪੋਸ਼ਣ ਵਾਟਿਕਾ ਬਣਾਈ ਜਾ ਸਕੇ। 27 ਅਤੇ 28 ਮਾਰਚ ਨੂੰ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮਾਂ ਰਾਹੀਂ ਪੋਸ਼ਣ ਦੇ 5 ਸੂਰਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਗਰਭਕਾਲ ਦੇ ਪਹਿਲੇ ਇਕ ਹਜ਼ਾਰ ਦਿਨ ਦੀ ਮਹੱਤਤਾ, ਅਨੀਮੀਆ, ਡਾਇਰਿਆ, ਹੱਥਾਂ ਅਤੇ ਆਲੇ-ਦੁਆਲੇ ਦੀ ਸਫ਼ਾਈ, ਪੌਸ਼ਟਿਕ ਖੁਰਾਕ ਅਤੇ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਬਾਰੇ ਦੱਸਿਆ ਜਾਵੇਗਾ।
ਘੱਟ ਲਾਗਤ ਨਾਲ ਤਿਆਰ ਹੋਣ ਵਾਲੇ ਪੌਸ਼ਟਿਕ ਭੋਜਨ ਸਬੰਧੀ 29 ਅਤੇ 30 ਮਾਰਚ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੌਸ਼ਟਿਕ ਭੋਜਨ ਬਨਾਉਣ ਦੇ ਤਰੀਕਿਆਂ ’ਤੇ ਅਧਾਰਤ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਕੂਲੀ ਬੱਚਿਆਂ ਦੇ ਪੌਸ਼ਣ ਨਾਲ ਸਬੰਧਤ ਡਰਾਇੰਗ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਆਂਗਣਵਾੜੀ ਵਰਕਰਾਂ ਵਲੋਂ ਘਰਾਂ ਦੇ ਦੌਰੇ, ਪ੍ਰਭਾਤ ਫੇਰੀ, ਸਾਈਕਲ ਰੈਲੀ, ਪੋਸ਼ਣ ਵਾਕ, ਹੱਟ ਬਾਜਾਰ, ਉਘੀਆਂ ਸ਼ਖਸੀਅਤਾਂ, ਯੂਥ ਗਰੁੱਪਾਂ ਅਤੇ ਸੈਲਫ ਹੈਲਪ ਗਰੁੱਪਾਂ ਨਾਲ ਮੀਟਿੰਗਾਂ ਕਰਕੇ ਪੌਸ਼ਟਿਕ ਭੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ। 31 ਮਾਰਚ ਨੂੰ ਸਥਾਨਕ ਨੁਮਾਇੰਦਿਆਂ ਅਤੇ ਯੂਥ ਗਰੁੱਪਾਂ ਦੇ ਸੁਝਾਅ ਲੈਂਦਿਆਂ ਪੋਸ਼ਣ ਅਭਿਆਨ ਅਧੀਨ ਆਉਂਦੇ ਟੀਚਿਆਂ ਨੂੰ ਸਰ ਕਰਨ ਅਤੇ ਪ੍ਰਾਪਤੀਆਂ ਸਬੰਧੀ ਚਰਚਾ ਕੀਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply