ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਵੀ ਹੋਣਾ ਪਵੇਗਾ ਜਾਗਰੂਕ, ਘਰ ਦੇ ਨਾਲ-ਨਾਲ ਆਸ-ਪਾਸ ਰੱਖਣੀ ਪਵੇਗੀ ਸਫ਼ਾਈ : ਅਪਨੀਤ ਰਿਆਤ

ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਵੀ ਹੋਣਾ ਪਵੇਗਾ ਜਾਗਰੂਕ, ਘਰ ਦੇ ਨਾਲ-ਨਾਲ ਆਸ-ਪਾਸ ਰੱਖਣੀ ਪਵੇਗੀ ਸਫ਼ਾਈ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਡੇਂਗੂ ਦੀ ਰੋਕਥਾਮ ਲਈ ਪੂਰੇ ਜ਼ਿਲ੍ਹੇ ’ਚ ਜਾਰੀ ਹੈ ਜਾਗਰੂਕਤਾ ਅਭਿਆਨ
ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਟੀਮਾਂ ਹਾਟ ਸਪਾਟ ਇਲਾਕਿਆਂ ’ਚ ਲਗਾਤਾਰ ਕਰ ਰਹੀਆਂ ਹਨ ਫੌਗਿੰਗ
ਹੁਸ਼ਿਆਰਪੁਰ, 17 ਸਤੰਬਰ (ਹਰਭਜਨ ਢਿੱਲੋਂ ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ’ਤੇ ਅੱਜ ਵੀ ਪੂਰੇ ਜ਼ਿਲ੍ਹੇ ਵਿਚ ਡੇਂਗੂ ਜਾਗਰੂਕਤਾ ਅਭਿਆਨ ਜਾਰੀ ਹੈ ਅਤੇ ਨਗਰ ਨਿਗਮ ਹੁਸ਼ਿਆਰਪੁਰ ਤੋਂ ਇਲਾਵਾ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਫੌਗਿੰਗ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਾਗਰੂਕਤਾ ਅਭਿਆਨ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਜੋ ਲੋਕਾਂ ਨੂੰ ਡੇਂਗੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੇ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਦਾ ਰਹੇਗਾ, ਪਰੰਤੂ ਜਦ ਤੱਕ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ, ਉਦੋਂ ਤੱਕ ਇਸ ਬੀਮਾਰੀ ’ਤੇ ਨਕੇਲ ਨਹੀਂ ਕੱਸੀ ਜਾ ਸਕਦੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਣਾਈਆਂ ਗਈਆਂ ਡੇਂਗੂ ਸਰਵੀਲੈਂਸ ਟੀਮਾਂ ਘਰਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰਾਂ ਦਾ ਵੀ ਨਿਰੀਖਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਉਥੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਆਸ-ਪਾਸ ਦੀ ਸਫ਼ਾਈ ਵੀ ਬਣਾਈ ਰੱਖਣ ਅਤੇ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਅਤੇ ਨਗਰ ਨਿਗਮ, ਨਗਰ ਕੌਂਸਲਾਂ ਦੀਆਂ ਟੀਮਾਂ ਦੁਆਰਾ ਵੱਡੇ ਪੱਧਰ ’ਤੇ ਫੌਗਿੰਗ, ਘਰਾਂ ਦੀ ਚੈਕਿੰਗ ਕਰਕੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਡੇਂਗੂ ਮੱਛਰ ਕੱਟਣ ਨਾਲ ਫੈਲਦਾ ਹੈ ਅਤੇ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜਾਂ ਜਾਂ ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਦਿਨ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੰਬਣੀ ਦੇ ਨਾਲ ਤੇਜ਼ ਬੁਖਾਰ, ਤੇਜ ਸਿਰਦਰਦ ਜਾਂ ਜੋੜਾਂ ਵਿਚ ਦਰਦ ਆਦਿ ਹੋਵੇ ਤਾਂ ਨਜਦੀਕੀ ਸਿਹਤ ਕੇਂਦਰ ਵਿਚ ਤੁਰੰਤ ਸੰਪਰਕ ਕੀਤਾ ਜਾਵੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply