ਚੰਡੀਗੜ੍ਹ 20 ਜਨਵਰੀ
ਪੰਜਾਬ ‘ਚ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਸਿਆਸਤ ਗਰਮ ਗਈ ਹੈ। ਰੇਡ ਖਿਲਾਫ ਕਾਂਗਰਸ ਚੋਣ ਕਮਿਸ਼ਨ ਕੋਲ ਪਹੁੰਚੀ ਹੈ। ਕਾਂਗਰਸ ਨੇ ਕਿਹਾ ਕਿ ਇਹ ਛਾਪੇਮਾਰੀ ਸਿਆਸਤ ਤੋਂ ਪ੍ਰੇਰਿਤ ਹੈ। ਇਸ ਲਈ ਇਸ ਸਬੰਧੀ ਈਡੀ ਨੂੰ ਹੁਕਮ ਜਾਰੀ ਕੀਤੇ ਜਾਣ।
ਕਾਂਗਰਸ ਵੱਲੋਂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਮਨੂ ਸਿੰਘਵੀ ਅਤੇ ਹਰੀਸ਼ ਚੌਧਰੀ ਚੋਣ ਕਮਿਸ਼ਨ ਕੋਲ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਰੇਡ ਰਾਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਕਾਂਗਰਸ ਨੇ ਕਿਹਾ ਕਿ ਕਮਿਸ਼ਨ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਣਕਾਰੀ ਲੈ ਕੇ ਸੁਣਵਾਈ ਦਾ ਭਰੋਸਾ ਦਿੱਤਾ ਹੈ।
ਬੁੱਧਵਾਰ ਨੂੰ ਪਹਿਲਾਂ ਮੁੱਖ ਮੰਤਰੀ ਚੰਨੀ 5 ਮੰਤਰੀਆਂ ਨਾਲ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ। ਇਸ ਤੋਂ ਬਾਅਦ ਵੀ ਵਿਰੋਧੀਆਂ ਨੇ ਸਵਾਲ ਖੜ੍ਹੇ ਕੀਤੇ ਕਿ ਜੇਕਰ ਇਹ ਛਾਪੇਮਾਰੀ ਸਿਆਸੀ ਬਦਲਾਖੋਰੀ ਹੈ ਤਾਂ ਉਸ ਦੇ ਰਿਸ਼ਤੇਦਾਰ ਤੋਂ ਮਿਲੇ 10 ਕਰੋੜ ਰੁਪਏ ਕਿਸ ਦੇ ਸਨ। ਸੀਐਮ ਚੰਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਤੋਂ ਪੀਐਮ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਬਦਲਾ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੂੰ ਮਾਮਲੇ ‘ਚ ਫਸਾਇਆ ਜਾ ਸਕਦਾ ਹੈ।























