BREAKING : ਹੁਸ਼ਿਆਰਪੁਰ ’ਚ ਨਹੀਂ ਦਿਸੇਗਾ ਕੋਈ ਵੀ ਅਵਾਰਾ ਪਸ਼ੂ : ਕੈਬਨਿਟ ਮੰਤਰੀ ਅਰੋੜਾ

-‘ਸੇਵਾ ਪਰਮੋ ਧਰਮਾ’ ਸੋਸਾਇਟੀ ਦੇ ਨੌਜਵਾਨਾਂ ਨੇ ਅਡਾਪਟ ਕੀਤੀ ਕੈਟਲ ਪਾਊਂਡ ਫਲਾਹੀ
-ਕੈਬਨਿਟ ਮੰਤਰੀ ਵਲੋਂ 25 ਲੱਖ ਰੁਪਏ ਦਾ ਐਲਾਨ, ਨੌਜਵਾਨਾਂ ਵਲੋਂ ਚੁੱਕੇ ਕਦਮ ਦੀ ਕੀਤੀ ਸ਼ਲਾਘਾ
-ਐਸ.ਐਸ.ਪੀ. ਨੂੰ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਚੌਕਸੀ ਵਰਤਣ ਦੇ ਦਿੱਤੇ ਨਿਰਦੇਸ਼
-ਸ਼ਹਿਰ ’ਚ ਲੱਗਣ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਸਬੰਧੀ ਸੌਂਪਿਆ ਚੈਕ
ਹੁਸ਼ਿਆਰਪੁਰ (ADESH PARMINDER SINGH ) : ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜਲਦੀ ਹੀ ਅਵਾਰਾ ਪਸ਼ੂਆਂ ਦਾ ਯੋਗ ਹੱਲ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਵਿੱਚ ਕੋਈ ਵੀ ਅਵਾਰਾ ਪਸ਼ੂ ਦਿਖਾਈ ਨਹੀਂ ਦੇਵੇਗਾ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਅਤੇ ‘ਸੇਵਾ ਪਰਮੋ ਧਰਮਾ’ ਸੋਸਾਇਟੀ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਐਸ.ਐਸ.ਪੀ. ਸ਼੍ਰੀ ਗੌਰਵ ਗਰਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਿ੍ਰਤ ਸਿੰਘ, ਐਸ.ਡੀ.ਐਮ. ਸ਼੍ਰੀ ਅਮਿਤ ਸਰੀਨ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਸਨ।
ਸ਼੍ਰੀ ਅਰੋੜਾ ਨੇ ‘ਸੇਵਾ ਪਰਮੋ ਧਰਮਾ’ ਸੋਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਕੈਟਲ ਪਾਊਂਡ ਫਲਾਹੀ ਨੂੰ ਅਡਾਪਟ ਕਰਨ ਦਾ ਨੌਜਵਾਨਾਂ ਵਲੋਂ ਚੁੱਕਿਆ ਗਿਆ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਰਹਿ ਕੇ ਅਵਾਰਾ ਪਸ਼ੂ ਧਨ ਦੀ ਸੇਵਾ ਕਰਨ ਦਾ ਜਜ਼ਬਾ ਆਪਣੇ-ਆਪ ਵਿੱਚ ਇਕ ਮਿਸਾਲੀ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਇਹ ਇਕ ਨਿਵੇਕਲੀ ਪਹਿਲ ਹੈ, ਜਿਸ ਤਹਿਤ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਹੁੁਸ਼ਿਆਰਪੁਰ ਦੇ ਸੈਂਕੜੇ ਨੌਜਵਾਨ ਅੱਗੇ ਆਏ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਵੀ ਨੌਜਵਾਨ ਅੱਗੇ ਆਉਣ, ਤਾਂ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

ਕੈਬਨਿਟ ਮੰਤਰੀ ਨੇ 25 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਕੈਟਲ ਪਾਊਂਡ, ਫਲਾਹੀ ਵਿੱਚ ਪਸ਼ੂਆਂ ਦੇ ਪੁਖਤਾ ਇਲਾਜ, ਚਾਰੇ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਟਲ ਪਾਊਂਡ ਫਲਾਹੀ ਦੀ ਇਮਾਰਤ ਮੁਕੰਮਲ ਹੋਣ ’ਤੇ 2 ਹਜ਼ਾਰ ਪਸ਼ੂ ਧਨ ਰੱਖਣ ਦੀ ਸਮਰੱਥਾ ਹੋਵੇਗੀ ਅਤੇ ਮੌਜੂਦਾ ਤੌਰ ’ਤੇ ਇਥੇ 336 ਪਸ਼ੂਆਂ ਨੂੰ ਸਾਂਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਟਲ ਪਾਊਂਡ ਤੋਂ ਇਲਾਵਾ ਨਗਰ ਨਿਗਮ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ ਵੀ ਪਸ਼ੂਆਂ ਦਾ ਰਖ-ਰਖਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਵਾਰਾ ਪਸ਼ੂ ਸੜਕਾਂ ’ਤੇ ਨਜ਼ਰ ਨਹੀਂ ਆਵੇਗਾ ਅਤੇ ਇਸ ਨਾਲ ਹਾਦਸੇ ਵੀ ਘਟਣਗੇ। ਉਨ੍ਹਾਂ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਮੌਜੂਦਾ ਤੌਰ ’ਤੇ ਹੁਸ਼ਿਆਰਪੁਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜਲਦੀ ਨਜਿੱਠ ਲਿਆ ਜਾਵੇਗਾ, ਪਰ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਵਿਸ਼ੇਸ਼ ਚੌਕਸੀ ਵਰਤੀ ਜਾਵੇ, ਤਾਂ ਜੋ ਹਿਮਾਚਲ ਵਾਲੇ ਪਾਸਿਓਂ ਅਵਾਰਾ ਪਸ਼ੂਆਂ ਨੂੰ ਛੱਡੇ ਜਾਣ ਦੀ ਘਟਨਾ ਸਾਹਮਣੇ ਨਾ ਆ ਸਕੇ।
ਸ਼੍ਰੀ ਅਰੋੜਾ ਨੇ ਇਸ ਦੌਰਾਨ ਸ਼ਹਿਰ ਵਿੱਚ ਲੱਗਣ ਵਾਲੇ ਸੀ.ਸੀ.ਟੀ.ਵੀ ਕੈਮਰਿਆਂ ਸਬੰਧੀ 35 ਲੱਖ 52 ਹਜ਼ਾਰ ਰੁਪਏ ਦਾ ਚੈਕ ਐਕਸੀਅਨ (ਇਲੈਕਟ੍ਰੀਕਲ) ਬੀ.ਐਂਡ.ਆਰ ਨੂੰ ਸੌਂਪਦਿਆਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ 26 ਪ੍ਰਮੁੱਖ ਸਥਾਨਾਂ ’ਤੇ ਨੈਟਵਰਕਿੰਗ ਸਮੇਤ 75 ਅਤਿ-ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ, ਤਾਂ ਜੋ ਕਾਨੂੰਨ ਵਿਵਸਥਾ ਦੀ ਆਧੁਨਿਕ ਤਰੀਕੇ ਨਾਲ ਨਜ਼ਰਸਾਨੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਦਰ ਪੁਲਿਸ ਥਾਣਾ ਹੁਸ਼ਿਆਰਪੁਰ, ਮਾਡਲ ਟਾਊਨ ਅਤੇ ਸਿਟੀ ਪੁਲਿਸ ਥਾਣਾ ਹੁਸ਼ਿਆਰਪੁਰ ਵਿਖੇ ਤਿੰਨ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰੋਜੈਕਟ ਜ਼ਿਲ੍ਹਾ ਪੁਲਿਸ ਲਈ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਸਹਾਈ ਸਾਬਤ ਹੋਵੇਗਾ। ਇਸ ਮੌਕੇ ਡੀ.ਡੀ.ਪੀ.ਓ. ਸ਼੍ਰੀ ਸਰਬਜੀਤ ਸਿੰਘ ਬੈਂਸ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬੀ.ਐਸ.ਟੰਡਨ, ਐਡਵੋਕੇਟ ਸੰਦੀਪ ਕੁਮਾਰ ਤੋਂ ਇਲਾਵਾ ‘ਸੇਵਾ ਪਰਮੋ ਧਰਮਾ’ ਸੋਸਾਇਟੀ ਦੇ ਕਰੀਬ 150 ਮੈਂਬਰ ਹਾਜ਼ਰ ਸਨ।

Related posts

Leave a Reply