ਕਰੋਨਾ ਮੁਕਤੀ ਫਤਿਹ ਮਿਸ਼ਨ ਭੱਤਾ ਜਾਰੀ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਮਨਵਾਉਣ ਲਈ ਆਸ਼ਾ ਵਰਕਰਾਂ ਨੇ ਸੁਣਾਏ ਦੁੱਖੜੇ


ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

ਗੁਰਦਾਸਪੁਰ 12 ਅਗਸਤ ( ਅਸ਼ਵਨੀ  ) : ਗੁਰਦਾਸਪੁਰ ਜ਼ਿਲ੍ਹੇ ਵਿੱਚ ਕਰੋਨਾ ਮਹਾਂਮਾਰੀ ਦਾ ਦਿਨੋ-ਦਿਨ ਪ੍ਰਕੋਪ ਵੱਧਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ  ਕਰੋਨਾ ਮੁਕਤੀ ਫਤਿਹ ਮਿਸ਼ਨ ਭੱਤਾ ਅਤੇ ਹੋਰਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦੇ ਖਿਲਾਫ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ  ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਆਨ ਲਾਈਨ ਮੀਟਿੰਗ ਕਰਕੇ ਵਰਕਰਾਂ ਨੂੰ ਆ ਰਹੀਆਂ ਸਮਸਿਆਵਾਂ ਵਾਰੇ ਜਾਣੂੰ ਕਰਵਾਇਆ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੀ ਪ੍ਰੈਸ ਸਕੱਤਰ ਅੰਚਲ ਮੱਟੂ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾ ਮਹਾਂਮਾਰੀ ਦੀ ਮੁਕਤੀ ਲਈ ਜੂਨ ਮਹੀਨੇ ਤੱਕ ਆਸ਼ਾ ਵਰਕਰ ਨੂੰ 2500 ਰੂਪਏ ਅਤੇ ਫੈਸੀਲੀਟੇਟਰਜ ਨੂੰ 2000 ਰੁਪਏ ਪ੍ਰਤੀ ਮਹੀਨਾ ਜੂਨ ਮਹੀਨੇ ਤੱਕ ਜਾਰੀ ਕੀਤਾ ਸੀ। ਪਰ ਹੁਣ ਕਰੋਨਾ ਮਹਾਂਮਾਰੀ ਸਿਖ਼ਰ ਵੱਲ ਵਧ ਚੁੱਕੀ ਹੈ । ਲੋਕ ਧੜਾਧੜ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਕਰੋਨਾ  ਟੈਸਟ ਲਈ ਸੈਂਪਲ ਕਰਵਾਉਣ ਲਈ ਪ੍ਰੇਰਿਤ ਕਰਨ ਇਕਾਂਤਵਾਸ ਲਈ ਸੂਚਨਾ ਤੋਂ ਇਲਾਵਾ ਮਾਰੂ ਰੋਗਾਂ ਦੀ ਪਹਿਚਾਣ ਕਰਨ ਲਈ ਘਰ ਘਰ ਸਰਵੇਖਣ ਕਰਨ ਲਈ ਆਸ਼ਾ ਵਰਕਰਾਂ ਨੂੰ ਬਗੈਰ ਕੋਈ ਸਹੂਲਤ ਦਿੱਤਿਆਂ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 

ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਆਸ਼ਾ ਵਰਕਰ  ਪਰਿਵਾਰ ਸਮੇਤ ਕਰੋਨਾ ਪਾਜ਼ਿਟਿਵ ਆ ਗਈ ਹੈ। ਪਰ ਸਰਕਾਰ ਵੱਲੋਂ ਗਰੀਬ ਆਸ਼ਾ ਵਰਕਰ ਨੂੰ ਐਲਾਨ ਕੀਤਾ ਦੱਸ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਨਹੀਂ ਦਿੱਤੀ। ਇਸੇ ਤਰ੍ਹਾਂ ਧਿਆਨਪੁਰ ਹਲਕੇ ਦੀ ਆਸ਼ਾ ਵਰਕਰ ਦੀ ਡਿਊਟੀ ਦੌਰਾਨ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ ਹੈ। ਅਤਿ ਦੀ ਗਰਮੀ ਵਿਚ ਵਰਕਰਾਂ ਵੱਲੋਂ ਘਰ ਘਰ ਜਾ ਕੇ ਕੀਤੇ ਸਰਵੇਖਣ ਦੇ ਪੈਸੇ ਅਜੇ ਤੱਕ ਕਈ ਸਿਹਤ ਅਧਿਕਾਰੀਆਂ ਵੱਲੋਂ ਨਹੀਂ ਦਿੱਤੇ ਗਏ।ਇਸ ਮੌਕੇ ਭੈਣੀ ਮੀਆਂ ਖਾਂ  ਸਰਕਾਰੀ ਹਸਪਤਾਲ ਦੀ ਡਾਕਟਰ ਵੱਲੋਂ ਆਸ਼ਾ ਵਰਕਰਾਂ ਨੂੰ ਸਹਿਯੋਗ ਨਾ ਦੇਣ ਅਤੇ ਗੁਰਦਾਸਪੁਰ ਸਿਵਲ ਹਸਪਤਾਲ ਦੀ ਐਸ ਐਮ ਉ ਵਲੋਂ ਵਰਕਰਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਦਾ ਮੁੱਦਾ ਉਠਾਇਆ ਗਿਆ। ਵਰਕਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਤਹਿਤ ਤਨਖਾਹ ਦਿੱਤੀ ਜਾਵੇ।

ਮਾਸਕ,ਸੈਨੀਟਾਇਜਰ,ਗਲਬਜ ਅਤੇ ਸਾਬਣਾਂ ਮੁਹਈਆ ਕਰਵਾਈਆਂ ਜਾਣ ਅਤੇ ਬਣਦੇ ਮਾਣ ਭੱਤੇ ਦੀ ਰਾਸ਼ੀ ਸਮੇਂ ਸਿਰ ਜਾਰੀ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਸਿਵਲ ਸਰਜਨ ਗੁਰਦਾਸਪੁਰ ਨਾਲ ਗੱਲ ਕਰਕੇ ਮਸਲੇ ਦਾ ਢੁਕਵਾਂ ਹੱਲ ਕਰਨਗੇ ਅਤੇ ਉਨ੍ਹਾਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੇ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਦੀ ਪ੍ਰਸੰਸਾ ਕੀਤੀ। ਇਸ ਮੌਕੇ ਮੀਰਾਂ ਕਾਹਨੂੰਵਾਨ,ਬਬਿਤਾ ਗੁਰਦਾਸਪੁਰ ਅਤੇ ਕਮਲੇਸ਼ ਕੁਮਾਰੀ  ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੀਆਂ।

News

Related posts

Leave a Comment