ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ’ਚ ਸੰਭਾਲਿਆ ਅਹੁਦਾ
ਅਗਲੇ ਪੰਜ ਸਾਲ ’ਚ ਹੁਸ਼ਿਆਰਪੁਰ ਵਿਕਾਸ ਪੱਖੋਂ ਸੂਬੇ ’ਚ ਬਣੇਗਾ ਮਿਸਾਲ : ਡਾ. ਬਲਬੀਰ ਸਿੰਘ
ਹੁਸ਼ਿਆਰਪੁਰ, 7 ਅਗਸਤ (CDT NEWS) : ਬੀਤੇ ਦਿਨੀਂ ਨਗਰ ਨਿਗਮ ਦੇ 50 ਕੌਂਸਲਰਾਂ ਦੀ ਚੋਣ ਉਪਰੰਤ ਅੱਜ ਸਥਾਨਕ ਨਿਗਮ ਕੰਪਲੈਕਸ ਵਿਖੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ ਜਿਸ ਵਿਚ ਪ੍ਰਵੀਨ ਸੈਣੀ ਨੂੰ ਮੇਅਰ, ਸੁਰਿੰਦਰ ਕੁਮਾਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਨੂੰ ਡਿਪਟੀ ਮੇਅਰ ਚੁਣਿਆ ਗਿਆ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿਚ ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ ਅਤੇ ਡਿਪਟੀ ਮੇਅਰ ਸੰਦੀਪ ਚੇਚੀ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਹੁਸ਼ਿਆਰਪੁਰ ਦੇ ਵਿਕਾਸ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿਣਗੇ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਉਪਰੰਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇ ਤਾਂ ਜੋ ਆਉਂਦੇ ਪੰਜ ਸਾਲਾਂ ਦੌਰਾਨ ਸੂਬੇ ਵਿਚ ਹੁਸ਼ਿਆਰਪੁਰ ਵਿਕਾਸ ਪੱਖੋਂ ਨਵੀਂ ਮਿਸਾਲ ਬਣ ਕੇ ਉਭਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੇਅਰ ਅਤੇ ਬਾਕੀ ਦੋ ਅਹੁਦਿਆਂ ਦੀ ਚੋਣ ਦੌਰਾਨ ਸਾਰਿਆਂ ਦੀ ਸਹਿਮਤੀ ਉਪਰੰਤ ਮਹਿਲਾ ਵਰਗ ਅਤੇ ਨੌਜਵਾਨ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਅਹੁਦੇਦਾਰ ਨੂੰ ਬਣਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਹੁਸ਼ਿਆਰਪੁਰ ਦੇ ਸਮੁੱਚੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਗਿਆ ਹੈ ਜਿਸ ਵਿਚ ਸਿਹਤ, ਸਿੱਖਿਆ, ਮੁੱਖ ਮੰਤਰੀ ਤੀਰਥ ਯਾਤਰਾ, ਮਾਵਾਂ-ਧੀਆਂ ਸਤਿਕਾਰ ਯੋਜਨਾ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਹੁਸ਼ਿਆਰਪੁਰ ਨਗਰ ਨਿਗਮ ਦੀ ਹਦੂਦ ਅੰਦਰ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ ਤਾਂ ਜੋ ਹਰ ਖੇਤਰ ਵਿਚ ਲੋਕ ਸਹੂਲਤਾਂ ਯਕੀਨੀ ਬਣਾਈਆਂ ਜਾ ਸਕਣ।
ਮੇਅਰ ਪ੍ਰਵੀਨ ਸੈਣੀ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਵਿਕਾਸ ਕਾਰਜਾਂ ਨੂੰ ਅਮਲੀਜਾਮਾ ਪਹਿਨਾਉਣ ਨੂੰ ਤਰਜ਼ੀਹ ਦਿੰਦਿਆਂ ਹੁਸ਼ਿਆਰਪੁਰ ਦੇ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਖੜੋਤ ਨਹੀਂ ਆਉਣ ਦੇਣਗੇ। ਚੋਣ ਦੌਰਾਨ ਜਲੰਧਰ ਡਵੀਜ਼ਨ ਕਮਿਸ਼ਨਰ ਰਾਮਵੀਰ, ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ, ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp
