ਡਿਪਟੀ ਕਮਿਸ਼ਨਰ ਵਲੋਂ ਸਿਟਰਸ ਅਸਟੇਟ ਤੇ ਫੈਪਰੋ ਦਾ ਦੌਰਾ
ਫ਼ਸਲੀ ਵਿਭਿੰਨਤਾ ਸਮੇਂ ਦੀ ਮੁੱਖ ਲੋੜ: ਆਸ਼ਿਕਾ ਜੈਨ
ਕਿੰਨੂ, ਸ਼ਹਿਦ, ਮੂੰਗਫਲੀ, ਹਲਦੀ ਆਦਿ ਦੀ ਕਾਸ਼ਤ ਨੂੰ ਦਿੱਤਾ ਜਾਵੇਗਾ ਹੁਲਾਰਾ
ਫੈਪਰੋ ਵਿਖੇ ਆਧੁਨਿਕ ਢੰਗ ਨਾਲ ਬਣਾਏ ਜਾ ਰਹੇ ਗੁੜ ਦਾ ਲਿਆ ਜਾਇਜ਼ਾ, ਹਲਦੀ ਦੀ ਫ਼ਸਲ ਦੀ ਖਰੀਦ ਤੇ ਬੀਜ ਦੀ ਵਿਕਰੀ ਸ਼ੁਰੂ ਕਰਵਾਈ
ਹੁਸ਼ਿਆਰਪੁਰ, 28 ਮਾਰਚ (CDT NEWS) : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਸਿਟਰਸ ਅਸਟੇਟ ਅਤੇ ਫੈਪਰੋ, ਭੂੰਗਾ ਦਾ ਦੌਰਾ ਕਰਦਿਆਂ ਫ਼ਸਲੀ ਵਿਭਿੰਨਤਾ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਮੇਂ ਦੀ ਮੰਗ ਅਨੁਸਾਰ ਬਾਗਬਾਨੀ ਨੂੰ ਵੱਡੇ ਪੱਧਰ ‘ਤੇ ਅਪਣਾਉਣ ਦਾ ਸੱਦਾ ਦਿੱਤਾ।
ਸਿਟਰਸ ਅਸਟੇਟ ਵਿਖੇ ਕਿੰਨੂਆਂ ਦੀ ਗ੍ਰੇਡਿੰਗ ਅਤੇ ਵੈਕਸਿੰਗ ਯੂਨਿਟ, ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੀ ਜਾਂਦੀ ਖੇਤੀ ਮਸ਼ੀਨਰੀ, ਕਿਸਾਨਾਂ ਲਈ ਵਿਸ਼ੇਸ਼ੇ ਤੌਰ ‘ਤੇ ਤਿਆਰ ਕੀਤੀ ਜਾਂਦੀ ਜੈਵਿਕ ਖਾਦ ਅਤੇ ਖੇਤੀ ਨਾਲ ਸਬੰਧਤ ਦਵਾਈਆਂ ਮੁਹੱਈਆ ਕਰਵਾਉਣ ਆਦਿ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਕਿਸਾਨਾਂ ਨੂੰ ਸਬਜ਼ੀਆਂ-ਫ਼ਲਾਂ ਦੀ ਕਾਸ਼ਤ ਲਈ ਸਿਟਰਸ ਅਸਟੇਟ ਦੇ ਮਾਹਰਾਂ ਦਾ ਵੱਧ ਤੋਂ ਵੱਧ ਸਹਿਯੋਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਟਰਸ ਅਸਟੇਟ ਰਾਹੀਂ ਫ਼ਲਾਂ-ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ, ਖਾਦਾਂ ਦੀ ਲੋੜੀਂਦੀ ਮਾਤਰਾ ਤੋਂ ਇਲਾਵਾ ਆਪਣੀ ਪੈਦਾਵਾਰ ਦੇ ਢੁਕਵੇਂ ਮੰਡੀਕਰਨ ਵਿਚ ਵੱਡੀ ਮਦਦ ਮਿਲ ਸਕਦੀ ਹੈ।
ਬਾਗਬਾਨੀ ਦੇ ਖੇਤਰ ਵਿਚ ਸਿਟਰਸ ਅਸਟੇਟ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਚੇਅਰਮੈਨ-ਕਮ-ਸੀ.ਈ.ਓ. ਡਾ. ਜਸਪਾਲ ਸਿੰਘ ਢੇਰੀ ਨੇ ਦੱਸਿਆ ਕਿ ਇਸ ਯੂਨਿਟ ਨਾਲ 1400 ਦੇ ਕਰੀਬ ਕਿਸਾਨ ਜੁੜੇ ਹੋਏ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਮੇਂ-ਸਮੇਂ ‘ਤੇ ਲੋੜੀਂਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਗਬਾਨੀ ਨੂੰ ਅਪਣਾ ਕੇ ਕਿਸਾਨ ਤੁਪਕਾ ਸਿੰਚਾਈ ਦੇ ਮਾਧਿਅਮ ਰਾਹੀਂ ਕੁਦਰਤੀ ਸੋਮੇ ਪਾਣੀ ਦੀ ਬਚਤ ਕਰ ਸਕਦੇ ਹਨ। ਡਾ. ਢੇਰੀ ਨੇ ਦੱਸਿਆ ਕਿ ਇਸ ਸੀਜਨ ਦੌਰਾਨ ਅਸਟੇਟ ਵਲੋਂ ਲਗਭਗ 1000 ਟਨ ਕਿੰਨੂ ਦੀ ਗ੍ਰੇਡਿੰਗ ਅਤੇ ਵੈਕਸਿੰਗ ਕੀਤੀ ਗਈ ਜਿਹੜੀ ਕਿ ਆਉਂਦੇ ਸਮੇਂ ਵਿਚ ਹੋਰ ਵਧੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮੂੰਗਫਲੀ ਦੀ ਕਾਸ਼ਤ ਦੀਆਂ ਅਸੀਮ ਸੰਭਾਵਨਾਵਾਂ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਗਬਾਨੀ ਨੂੰ ਹੋਰ ਹੁਲਾਰਾ ਦੇਣ ਲਈ ਵਿੱਤੀ ਸਾਲ 2025-26 ਦੌਰਾਨ ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਹੈ ਜਿਸ ਵਿਚ ਹੁਸ਼ਿਆਰਪੁਰ ਜ਼ਿਲ੍ਹਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਾਗਬਾਨੀ ‘ਤੇ ਆਧਾਰਤ ਜਾਗਰੂਕਤਾ ਪ੍ਰੋਗਰਾਮਾਂ, ਕਲਸਟਰਾਂ ਦਾ ਗਠਨ, ਕ੍ਰਿਸ਼ੀ ਸਖੀ ਸਹਾਇਤਾ, ਇਨਪੁਟ ਸਰੋਤ ਕੇਂਦਰ, ਸਰਟੀਫਿਕੇਸ਼ਨ, ਸਿਖਲਾਈ ਅਤੇ ਸਟਾਰਟਰ ਕਿੱਟਾਂ ਆਦਿ ਸ਼ਾਮਲ ਹੈ ਜਿਸ ਨਾਲ ਬਾਗਬਾਨੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ/ਕਾਸ਼ਤਕਾਰਾਂ ਨੂੰ ਬੇਹੱਦ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਮੂੰਗਫ਼ਲੀ ਦੀ ਕਾਸ਼ਤ ਨੂੰ ਵੀ ਹੁਲਾਰਾ ਦਿੱਤਾ ਜਾਵੇਗਾ।
ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਕਾਲੂਵਾਹਰ, ਰਜਿੰਦਰ ਸਿੰਘ ਢਿਲੋਂ ਅਤੇ ਬਾਕੀਆ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸਿਟਰਸ ਅਸਟੇਟ ਵਿਖੇ ਫ਼ਲਾਂ ਤੇ ਸਬਜ਼ੀਆਂ ਨੂੰ ਸੁਕਾਉਣ ਲਈ ਲੋੜੀਂਦੀ ਮਸ਼ੀਨਰੀ ਦੀ ਸਥਾਪਤੀ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਅਸਟੇਟ ਵਿਖੇ ਕਿੰਨੂਆਂ ਦੀ ਸਟੋਰੇਜ਼ ਲਈ 500 ਮੀਟਰਿਕ ਟਨ ਦੀ ਸਮਰੱਥਾ ਵਾਲੇ ਸਪੈਸ਼ਲ ਕੋਲਡ ਸਟੋਰ ਦੀ ਵਿਵਸਥਾ ਵੀ ਸਮੇਂ ਦੀ ਮੁੱਖ ਲੋੜ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਟਰਸ ਅਸਟੇਟ ਦੇ ਸਲਾਹਕਾਰ ਡਾ. ਅਰਬਿੰਦ ਸਿੰਘ ਧੂਤ ਅਤੇ ਅਗਾਂਹਵਧੂ ਕਿਸਾਨਾਂ ਸਮੇਤ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੋਸਾਇਟੀ (ਫੈਪਰੋ) ਦਾ ਦੌਰਾ ਕਰਦਿਆਂ ਉਥੇ ਆਧੁਨਿਕ ਤਕਨੀਕ ਰਾਹੀਂ ਗੰਨੇ ਦੀ ਪਿੜਾਈ ਅਤੇ ਤਿਆਰ ਕੀਤੇ ਜਾ ਰਹੇ ਉਚ ਮਿਆਰੀ ਗੁੜ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਫੈਪਰੋ ਵਿਖੇ ਸ਼ਹਿਰ ਦੇ ਪ੍ਰੋਸੈਸਿੰਗ ਯੂਨਿਟ ਨੂੰ ਦੇਖਦਿਆਂ ਇਸ ਗੱਲ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਕੰਢੀ ਖੇਤਰ ਵਿਚ ਮਲਟੀ ਫਲਾਵਰ ਸ਼ਹਿਦ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਜੋ ਕਿ ਗੁਣਵੱਤਾ ਲਈ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਦੀ ਪੈਦਾਵਾਰ ਲਈ ਕਿਸਾਨਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਇਆ ਜਾਵੇਗਾ। ਡਾ. ਅਰਬਿੰਦ ਸਿੰਘ ਧੂਤ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਫੈਪਰੋ, ਜਿਸ ਨਾਲ 300 ਤੋਂ ਵੱਧ ਕਿਸਾਨ ਜੁੜੇ ਹੋਏ ਹਨ, ਵਲੋਂ ਇਸ ਖੇਤਰ ਵਿਚ ਫ਼ਸਲੀ ਵਿਭਿੰਨਤਾ ਲਈ ਲਾਮਿਸਾਲ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਤਹਿਤ ਹਲਦੀ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਜੋੜਿਆ ਜਾ ਰਿਹਾ ਹੈ ਜੋ ਕਿ ਮੌਜੂਦਾ ਸਮੇਂ ਲਾਭਦਾਇਕ ਕਿਸਾਨੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਮੌਕੇ ਕਿਸਾਨਾਂ ਤੋਂ ਹਲਦੀ ਦੀ ਫ਼ਸਲ ਦੀ ਖਰੀਦ ਅਤੇ ਬੀਜ ਦੀ ਵਿਕਰੀ ਦੀ ਸ਼ੁਰੂਆਤ ਵੀ ਕਰਵਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਕੈਪਟਨ ਹਰਤੇਗ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਜੋਗਰਾਜ, ਹਰਪ੍ਰੇਮ ਵਸ਼ਿਸ਼ਟ, ਜਸਵੰਤ ਸਿੰਘ ਚਟਾਲਾ, ਸੁਖਜਿੰਦਰ ਪੰਨੂ ਆਦਿ ਵੀ ਮੌਜੂਦ ਸਨ।
- #DC_HOSHIARPUR : ਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ
- #sdm.hoshiarpur/dpr.hsp/cdt.news : 26 ਅਪ੍ਰੈਲ ਤੋਂ 5 ਮਈ ਮਈ ਤੱਕ ਕੋਈ ਵੀ ਵਾਹਨ ਤਹਿਸੀਲ ਕੰਪਲੈਕਸ ਦੇ ਅੰਦਰ ਨਹੀਂ ਜਾਵੇਗਾ
- ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖਤ ਨਿਰਦੇਸ਼ ਜਾਰੀ,
- ਪਹਿਲਗਾਮ ‘ਚ ਅੱਤਵਾਦੀ ਘਟਨਾ ਦੇਸ਼ ਦੀ ਏਕਤਾ ਤੇ ਅਖੰਡਤਾ ‘ਤੇ ਹੋਇਆ ਹਮਲਾ : ਕਰਮਜੀਤ ਕੌਰ
- #Aman_Arora strongly condemns Pahalgam terror attack
- ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਰਕਾਰੀ ਸਕੂਲ ਘੰਟਾ ਘਰ ਅਤੇ ਨਵੀਂ ਆਬਾਦੀ ਸਕੂਲ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

EDITOR
CANADIAN DOABA TIMES
Email: editor@doabatimes.com
Mob:. 98146-40032 whtsapp