ਜ਼ਿਲ੍ਹੇ ਦੇ 0-5 ਸਾਲ ਦੇ 1,52,552 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪਲਸ ਪੋਲੀਓ ਬੂੰਦਾਂ : ਅਪਨੀਤ ਰਿਆਤ
-ਡਿਪਟੀ ਕਮਿਸ਼ਨਰ ਨੇ ਪਲਸ ਪੋਲੀਓ ਬੂੰਦਾਂ ਪਿਲਾ ਕੇ ਜ਼ਿਲ੍ਹੇ ’ਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਕਰਵਾਈ ਸ਼ੁਰੂਆਤ
-ਵਰਧਮਾਨ ਯਾਰਨਜ਼ ਤੇ ਸਪੀਨਿੰਗ ਮਿੱਲ ’ਚ ਪੋਲੀਓ ਬੂਥ ’ਤੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਬੂੰਦਾਂ ਪਿਲਾ ਕੇ ਦਿੱਤੇ ਖਿਡੌਣੇ
-ਤਿੰਨ ਦਿਨਾਂ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ 795 ਟੀਮਾਂ ਬੂਥ ਬਣਾ ਕੇ ਘਰ-ਘਰ ਜਾ ਕੇ ਬੱਚਿਆਂ ਨੂੰ ਪਿਲਾਉਣਗੀਆਂ ਪਲਸ ਪੋਲੀਓ ਬੂੰਦਾਂ
ਹੁਸ਼ਿਆਰਪੁਰ, 27 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਅੱਜ ਵਰਧਮਾਨ ਯਾਰਨਜ਼ ਤੇ ਸਪੀਨਿੰਗ ਮਿੱਲ ਵਿਚ ਲਗਾਏ ਗਏ ਪਲਸ ਪੋਲੀਓ ਬੂਥ ’ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾ ਕੇ ਜ਼ਿਲ੍ਹੇ ਵਿਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਨੂੰ ਤੋਹਫੇ ਵਜੋਂ ਖਿਡੌਣੇ ਵੀ ਭੇਟ ਕੀਤੇ। ਉਨ੍ਹਾਂ ਲੋਕਾਂ ਨੂੰ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਘਰ ਆਉਣ ਵਾਲੀ ਪੈਰਾ ਮੈਡੀਕਲ ਟੀਮਾਂ ਨੂੰ ਸਹਿਯੋਗ ਕਰਕੇ ਆਪਣੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਪਰਮਿੰਦਰ ਕੌਰ, ਵਰਧਮਾਨ ਮਿੱਲ ਦੇ ਡਾਇਰੈਕਟਰ ਵਿੱਤ ਤੇ ਪ੍ਰਬੰਧਨ ਤਰੁਨ ਚਾਵਲਾ, ਪ੍ਰੈਜੀਡੈਂਟ ਤੇ ਡਾਇਰੈਕਟਰ ਆਈ.ਜੇ.ਐਮ.ਐਸ. ਸਿੱਧੂ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ, ਐਸ.ਐਮ.ਓ. ਡਾ. ਪ੍ਰਦੀਪ ਭਾਟੀਆ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸਿਹਤ ਵਿਭਾਗ ਦੀਆਂ 795 ਟੀਮਾਂ ਵਲੋਂ ਬੂਥ ਬਣਾ ਕੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ 1 ਮਾਰਚ 2022 ਤੱਕ ਚੱਲਣ ਵਾਲੇ ਇਸ ਅਭਿਆਨ ਤਹਿਤ 0-5 ਸਾਲ ਦੇ 1,52,552 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਟੀਚਾ ਝੁੱਗੀ-ਝੌਂਪੜੀਆਂ, ਭੱਠਿਆਂ ਆਦਿ ਨੂੰ ਕਵਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਟੀਕਾਕਰਨ ਵਿੰਗ, ਸਵੈਸੇਵੀ ਸੰਸਥਾਵਾਂ, ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਵਲੋਂ ਬਹੁਤ ਲਗਨ ਨਾਲ ਜਿਲ੍ਹੇ ਨੂੰ ਪੋਲੀਓ ਮੁਕਤ ਰੱਖਣ ਵਿਚ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਅਤੇ ਸਿਹਤ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਲਸ ਪੋਲੀਓ ਬੂੰਦਾਂ ਪਿਲਾਉਣ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਵਧਾਨੀਆਂ ਅਪਨਾਉਣ ਅਤੇ ਟੀਕਾਕਰਨ ਲਈ ਵੀ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਆਪਣੇ ਅਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿਚ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੀ ਮਿਹਨਤ ਤੇ ਲੋਕਾਂ ਦੇ ਸਹਿਯੋਗ ਨਾਲ ਦੇਸ਼ ਵਿਚ ਸਾਲ 2011 ਤੋਂ ਪੋਲੀਓ ਦਾ ਇਕ ਵੀ ਕੇਸ ਨਾ ਆਉਣਾ ਬਹੁਤ ਖੁਸ਼ੀ ਦੀ ਗੱਲ ਹੈ, ਪਰੰਤੂ ਭਾਰਤ ਦੇ ਗਵਾਂਢੀ ਦੇਸ਼ਾਂ ਵਿਚ ਹੁਣ ਵੀ ਇਹ ਮਾਮਲੇ ਸਾਹਮਣੇ ਆ ਰਹੇ ਹਨ, ਇਸ ਲਈ ਸਾਰਿਆਂ ਨੂੰ ਸਾਵਧਾਨ ਰਹਿਣਾ ਹੈ ਅਤੇ ਬੱਚਿਆਂ ਦੇ ਸਿਹਤਮੰਦ ਲਈ ਖੁਦ ਨਿਗਰਾਨੀ ਰੱਖਣੀ ਹੈ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜਿਥੇ ਪਲਸ ਪੋਲੀਓ ਦੀ ਤਿੰਨ ਦਿਨਾਂ ਮੁਹਿੰਮ ਤਹਿਤ ਅੱਜ ਵਿਭਾਗ ਵਲੋਂ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ, ਉਥੇ ਦੋ ਦਿਨਾਂ ਦੌਰਾਨ ਟੀਮਾਂ ਵਲੋਂ ਘਰ-ਘਰ ਜਾ ਕੇ ਕਿਸੇ ਕਾਰਨ ਕਰਕੇ ਪਲਸ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਰਹਿ ਗਏ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp