ਰਾਤ ਦੀ ਡਿਊਟੀ ਤੋਂ ਹਿਰਾਸਤ ‘ਚ ਲਏ ਆਰ ਟੀ ਐਮ ਦਾ ਥਹੁ ਪਤਾ ਨਾ ਦੇਣ ਖਿਲਾਫ਼ ਗੜਦੀਵਾਲਾ ਪੁਲਸ ਵਿਰੁੱਧ ਰੋਸ ਪ੍ਰਦਰਸ਼ਨ

(ਗੜਦੀਵਾਲਾ ਥਾਣਾ ਵਿਖੇ ਐਸ ਐਚ ਓ ਨਾਲ ਗੱਲਬਾਤ ਦੌਰਾਨ ਐਕਸ਼ਨ ਕਮੇਟੀ ਦੇ ਆਗੂ)

ਜੁਆਇੰਟ ਐਕਸ਼ਨ ਕਮੇਟੀ ਵਲੋਂ ਆਰਟੀਐਮ ਨੂੰ ਨਾ ਛੱਡਣ ‘ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ

ਗੜ੍ਹਦੀਵਾਲਾ 12 ਅਗਸਤ (ਚੌਧਰੀ) : ਬੀਤੀ ਸ਼ਾਮ ਗੜਦੀਵਾਲਾ ਸਬ ਸਟੇਸ਼ਨ ਵਿਖੇ ਡਿਊਟੀ ‘ਤੇ ਤਾਇਨਾਤ ਆਰ ਟੀ ਐਮ ਨੂੰ
ਗੜਦੀਵਾਲਾ ਪੁਲਸ ਵਲੋਂ ਪਾਵਰਕਾਮ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਏ ਬਿਨ੍ਹਾਂ ਲੈ ਜਾਣ ਤੇ ਅੱਜ ਦੁਪਹਿਰ ਤੱਕ ਵੀ ਉਸਦਾ ਥਹੁ ਪਤਾ ਨਾ ਦੇਣ ਖਿਲਾਫ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਗੜਦੀਵਾਲਾ ਪੁਲੀਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨ ਦੀ ਅਗਵਾਈ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ,ਸਕੱਤਰ ਸੁਰਜੀਤ ਸਿੰਘ, ਇੰਪਲਾਈਜ਼ ਫੈਡਰੇਸ਼ਨ ਦੇ ਸਰਕਲ ਸਕੱਤਰ ਰਾਮ ਸਰਨ ਅਤੇ ਗੜਦੀਵਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕੀਤੀ।

ਆਗੂਆਂ ਨੇ ਕਿਹਾ ਕਿ ਗੜਦੀਵਾਲਾ ਥਾਣੇ ਦੇ ਇੱਕ ਏਐਸਆਈ ਸਮੇਤ ਦੋ ਸਿਵਲ ਕੱਪੜਿਆਂ ਵਿੱਚ ਅਣਪਛਾਤੇ ਵਿਆਕਤੀਆਂ ਵਲੋਂ ਕਰੀਬ ਸਾਢੇ ਅੱਠ ਵਜੇ ਸ਼ਾਮ ਸਬ ਸਟੇਸ਼ਨ ਗੜਦੀਵਾਲਾ ਵਿਖੇ ਡਿਊਟੀ ‘ਤੇ ਤਾਇਨਾਤ ਆਰ ਟੀ ਐਮ ਗੁਰਵਿੰਦਰ ਸਿੰਘ ਨੂੰ ਬਿਨ੍ਹਾਂ ਕੋਈ ਕਾਰਨ ਦੱਸੇ ਅਤੇ ਐਸ ਐਸ ਏ ਜਾਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤਿਆਂ ਵਗੈਰ ਸਮੇਤ ਉਸਦੀ ਗੱਡੀ ਲੈ ਜਾਣਾ ਪੁਲਸ ਵਲੋਂ ਧੱਕੇਸ਼ਾਹੀ ਹੈ। ਰਾਤ ਵੇਲੇ ਡਿਊਟੀ ‘ਤੇ ਕੇਵਲ ਦੋ ਮੁਲਾਜ਼ਮ ਐਸ ਐਸ ਏ ਤੇ ਆਰ ਟੀ ਐਮ ਹੀ ਤਾਇਨਾਤ ਸਨ ਅਤੇ ਕਰੋਨਾਂ ਮਹਾਂਮਾਰੀ ਦੌਰਾਨ ਹੰਗਾਮੀ ਹਾਲਤ ਵਿੱਚ ਡਿਊਟੀ ਦੇ ਰਹੇ ਆਰਟੀਐਮ ਨੂੰ ਲੈ ਜਾਣ ਨਾਲ ਸਬ ਸਟੇਸ਼ਨ ਤੋਂ ਚੱਲਦੇ ਕਰੀਬ 60 ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਸੀ।

ਰਾਤ ਨੂੰ ਹੰਗਾਮੀ ਹਾਲਤ ਵਿੱਚ ਸਬ ਸਟੇਸ਼ਨ ਦਾ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਕਨੂੰਨ ਹੰਗਾਮੀ ਡਿਊਟੀ ਦੇ ਰਹੇ ਬਿਜਲੀ ਮੁਲਾਜ਼ਮ ਜਿਸ ‘ਤੇ ਕਿ 5 ਦਰਜ਼ਨ ਤੋਂ ਵੱਧ ਪਿੰਡਾਂ ਨੂੰ ਨਿਰਵਿਘਨ ਸਪਲਾਈ ਦੇਣ ਦੀ ਜਿੰਮੇਵਾਰੀ ਹੈ, ਨੂੰ ਹਿਰਾਸਤ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੰਦਾ।ਜਦੋਂ ਤੱਕ ਉਸ ‘ਤੇ ਕੋਈ ਮਾਮਲਾ ਦਰਜ਼ ਨਹੀਂ ਹੁੰਦਾ। ਆਗੂਆਂ ਨੇ ਕਿਹਾ ਕਿ ਪੁਲੀਸ ਤੇਲ ਚੋਰੀ ਮਾਮਲੇ ਦੀਆਂ ਪਾਵਰਕਾਮ ਵਲੋਂ ਐਸਐਸਪੀ ਨੂੰ ਕੀਤੀਆਂ ਸ਼ਿਕਾਇਤਾਂ ਕਾਰਨ ਮੁਲਾਜ਼ਮਾਂ ‘ਤੇ ਦਬਾਅ ਬਣਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਜਿਸਦੇ ਖਿਲਾਫ਼ ਸਮੂਹ ਸਬ ਸਟੇਸ਼ਨ ਸਟਾਫ ਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਰਾਤ ਵੇਲੇ ਡਿਊਟੀ ਤੋਂ ਲਿਜਾਏ ਗਏ ਆਰ ਟੀ ਐਮ ਨੂੰ ਤੁਰੰਤ ਸਬ ਸਟੇਸ਼ਨ ਗੜਦੀਵਾਲਾ ਵਿਖੇ ਵਾਪਸ ਭੇਜਿਆ ਜਾਵੇ। ਜੇਕਰ ਕਮੇਟੀ ਦੀ ਮੰਗ ਬਾਰੇ ਤੁਰੰਤ ਕੋਈ ਹੁੰਗਾਰਾ ਨਾ ਦਿੱਤਾ ਗਿਆ ਤਾਂ ਜੁਆਇੰਟ ਐਕਸ਼ਨ ਕਮੇਟੀ ਅਤੇ ਵਿਭਾਗੀ ਮੁਲਾਜ਼ਮ ਜਥੇਬੰਦੀਆਂ ਅਗਲਾ ਤਿੱਖਾ ਸੰਘਰਸ਼ ਤੁਰੰਤ ਵਿੱਢਣ ਲਈ ਮਜ਼ਬੂਰ ਹੋਣਗੀਆਂ ।


ਗੁਰਵਿੰਦਰ ਸਿੰਘ ਨੂੰ ਤੇਲ ਚੋਰੀ ਮਾਮਲੇ ‘ਚ ਪੁੱਛਗਿੱਛ ਲਈ ਲਿਆਂਦਾ ਗਿਆ : ਐਸ ਐਚ ਓ ਗਗਨਦੀਪ ਸਿੰਘ ਸੇੇਖੋਂ

ਇਸ ਸਬੰਧੀ ਐਸਐਚਓ ਗੜਦੀਵਾਲਾ ਗਗਨਦੀਪ ਸੇਖੋਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ ਤੇਲ ਚੋਰੀ ਮਾਮਲੇ ‘ਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਅਤੇ ਜਾਂਚ ਦੀ ਨਿਗਰਾਨੀ ਖੁਦ ਡੀਐਸਪੀ ਟਾਂਡਾ ਕਰ ਰਹੇ ਹਨ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਜੇਕਰ ਆਰਟੀਐਮ ਨਿਰਦੋਸ਼ ਹੋਇਆ ਤਾਂ ਵਾਪਸ ਭੇਜ ਦਿੱਤਾ ਜਾਵੇਗਾ।

Related posts

Leave a Comment