ਸਕੂਲ ਵਲੋਂ ਸਾਲਾਨਾ ਫੰਡ ਮੰਗਣ ‘ਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਰੋਸ


ਗੜ੍ਹਸ਼ੰਕਰ,12 ਅਗਸਤ (ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਦੇ ਸੇਂਟ ਸੋਲਜ਼ਰ ਸਕੂਲ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਾਲਾਨਾ ਫੰਡ ਜਮਾਂ ਕਰਾਉਣ ‘ਤੇ ਮਾਪਿਆਂ ਵਿੱਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਇਸ ਸਬੰਧੀ ਮਾਪਿਆਂ ਦਾ ਵਫਦ ਅੱਜ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਿਆ ਅਤੇ ਕਰੋਨਾ ਦੌਰ ਵਿੱਚ ਇਸ ਫੰਡ ਨੂੰ ਮੁਆਫ ਕਰਨ ਦੀ ਮੰਗ ਕੀਤੀ। ਇਸ ਮੌਕੇ ਵਫ਼ਦ ਦੀ ਅਗਵਾਈ ਕਰਦਿਆਂ ਸਮਾਜ ਸੇਵੀ ਚਰਨਜੀਤ ਚੰਨੀ ਨੇ ਕਿਹਾ ਕਿ ਕਰੋਨਾ ਦੌਰ ਵਿੱਚ ਸਕੂਲ ਵਲੋਂ ਦਾਖਿਲਾ ਫੀਸ, ਟਿਊਸ਼ਨ ਫੀਸ, ਸਾਲਾਨਾ ਫੰਡ ਅਤੇ ਹੋਰ ਫੰਡ ਮੰਗੇ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਦੇ ਚੱਲਦਿਆਂ ਲੋਕਾਂ ਦੇ ਕੰਮ ਕਾਰ ਠੱਪ ਹਨ ਅਤੇ ਸਕੂਲਾਂ ਵਲੋਂ ਚਲਾਈ ਜਾ ਰਹੀ ਆਨ ਲਾਈਨ ਸਿੱਖਿਆ ਦੇ ਨਤੀਜੇ ਵੀ ਤਸੱਲੀ ਬਖਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਨਰਸਰੀ, ਐਲਕੇਜੀ,ਅਤੇ ਯੂਕੇਜੀ ਦੀਆਂ ਕਲਾਸਾਂ ਦੇ ਬੱਚਿਆਂ ਤੋਂ ਵੀ ਆਨ ਲਾਈਨ ਸਿੱਖਿਆ ਦੀ ਟਿਊਸ਼ਨ ਫੀਸ ਅਤੇ ਸਾਲਾਨਾ ਫੰੰਡ ਮੰਗੇ ਜਾ ਰਹੇ ਹਨ ਜਦ ਕਿ ਇਹ ਬੱਚੇ ਪੰਜ ਮਹੀਨਿਆਂ ਤੋਂ ਘਰਾਂ ਵਿੱਚ ਮਾਪਿਆਂ ਦੁਆਰਾ ਪੜ੍ਹਾਏ ਜਾ ਰਹੇ ਹਨ। ਇਸ ਮੌਕੇ ਮਾਪਿਆਂ ਨੇ ਸਾਲਾਨਾ ਫੀਸ ਮੁਆਫ ਕਰਨ ਦੀ ਮੰਗ ਕੀਤੀ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਨਿਯਮਾਂ ਅਨੁਸਾਰ ਬਣਦੀ ਫੀਸ ਲਈ ਜਾ ਰਹੀ ਹੈ ਅਤੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਘਟਾਈ ਵੀ ਜਾਂਦੀ ਹੈ।

Related posts

Leave a Comment