ਸਿਹਤ ਮੰਤਰੀ ਨੇ ਕੋਵਿਡ ਦੇ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ

ਸਿਹਤ ਮੰਤਰੀ ਨੇ ਕੋਵਿਡ ਦੇ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ

 
ਚੰਡੀਗੜ੍ਹ, 13 ਜੂਨ :
ਸੂਬੇ ਵਿੱਚ ਕੁਝ ਨਿੱਜੀ ਹਸਪਤਾਲਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਤੋਂ ਹੱਦ ਤੋਂ ਵੱਧ ਪੈਸੇ ਵਸੂਲਣ ਦੀਆਂ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਅਜਿਹੇ ਸਾਰੇ ਹਸਪਤਾਲਾਂ ਜੋ ਇਸ ਮਹਾਂਮਾਰੀ ਕਰਕੇ ਬਣੇ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਵਿਰੁੱਧ ਸਖ਼ਤ ਕਾਰਵਾਈ ਅਤੇ ਅਜਿਹੇ ਹਸਪਤਾਲਾਂ ਦੇ ਲਾਇਸੰਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। 
 
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਰੀਜ਼ਾਂ ਅਤੇ ਨਿੱਜੀ ਹਸਪਤਾਲਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਕੋਵਿਡ ਦੇ ਇਲਾਜ ਲਈ ਖਰਚੇ ਤੈਅ ਕਰੇਗੀ।ਉਨ੍ਹਾਂ ਅੱਗੇ ਕਿਹਾ, “ਪਰ ਸਰਕਾਰ ਇਨ੍ਹਾਂ ਗੰਭੀਰ ਹਾਲਾਤਾਂ ਦੌਰਾਨ ਕਿਸੇ ਵੀ ਕੀਮਤ `ਤੇ ਨਿੱਜੀ ਹਸਪਤਾਲਾਂ ਦੁਆਰਾ ਮਰੀਜ਼ਾਂ ਦੇ ਸ਼ੋਸ਼ਣ ਦੀ ਆਗਿਆ ਨਹੀਂ ਦੇਵੇਗੀ। ”
 
ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਸ. ਸਿੱਧੂ ਨੇ ਕਿਹਾ, “ਇਹ ਬਿਪਤਾ ਦੀ ਘੜੀ ਹੈੈ ਜਦੋਂ ਹਰ ਕੋਈ ਬਚਾਅ ਲਈ ਲੜ ਰਿਹਾ ਹੈ ਅਤੇ ਅਜਿਹੇ ਨਾਜ਼ੁਕ ਸਮੇਂ ਵਿੱਚ ਕੁਝ ਨਿੱਜੀ ਹਸਪਤਾਲ ਮਜਬੂਰ ਤੇ ਬੇਵੱਸ ਮਰੀਜ਼ਾਂ ਤੋਂ ਅੰਨ੍ਹੇਵਾਹ ਪੈਸੇ ਵਸੂਲ ਰਹੇ ਹਨ।”
ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਦੁਆਰਾ ਹੱਦ ਤੋਂ ਜ਼ਿਆਦਾ ਪੈਸੇ ਵਸੂਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, “ਇਹ ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਇਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਬਜਾਏ, ਕੁਝ ਨਿੱਜੀ ਹਸਪਤਾਲ ਅੰਨ੍ਹੇਵਾਹ ਪੈਸੇ ਵਸੂਲ ਕੇ ਮਰੀਜ਼ਾਂ ਨੂੰ ਲੁੱਟ ਰਹੇ ਹਨ ਜਿਸਦੀ ਕਿਸੇ ਵੀ ਕੀਮਤ `ਤੇ ਆਗਿਆ ਨਹੀਂ ਦਿੱਤੀ ਜਾਵੇਗੀ।”       
   ਸਿੱਧੂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਸਾਰੇ ਹਸਪਤਾਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ। ਇਸ ਤੋਂ ਇਲਾਵਾ, ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਗਈ ਜ਼ਮੀਨ ਨੂੰ ਬਹੁਤ ਰਿਆਇਤੀ ਦਰਾਂ `ਤੇ ਵਾਪਸ ਲੈਣ ਦਾ ਅਧਿਕਾਰ ਹੈ।
 
ਮੰਤਰੀ ਨੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਸਬੰਧੀ ਫੀਸ ਦਾ ਫ਼ੈਸਲਾ ਕਰਨ ਹਿੱਤ ਸੋਮਵਾਰ ਨੂੰ ਇੱਕ ਵਿਸ਼ੇਸ਼ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੋਈ ਵਿੱਤੀ ਨੁਕਸਾਨ ਹੋਵੇ, ਪਰ ਅਸੀਂ ਕਿਸੇ ਵੀ ਕੀਮਤ ‘ਤੇ  ਲੁੱਟ ਮਚਾਉਣ ਵੀ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਉਹ ਵੀ ਅਜਿਹੀ ਸੰਕਟਕਾਲੀ ਘੜੀ ਦੌਰਾਨ।

 

ਸਰਕਾਰ , ਮਰੀਜ਼ਾਂ ਦੇ ਇਲਾਜ ਲਈ ਇੱਕ ਵਿਸ਼ੇਸ਼ ਫੀਸ ਤੈਅ ਕਰੇਗੀ ਜਿਸਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਜਿਸ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਦਰਸ਼ਤ ਕਰਨਾ ਲਾਜ਼ਮੀ ਹੋਵੇਗਾ । ਉਨ੍ਹਾਂ ਸਪੱਸ਼ਟ ਕੀਤਾ ਕਿ  ਯਕੀਨਨ, ਕੋਵਿਡ ਦੇ ਇਕ ਮਰੀਜ਼ ਦੇ ਇਲਾਜ ਲਈ  ਲੱਖਾਂ ਰੁਪਏ ਖਰਚ ਨਹੀਂ ਹੋਣੇ ਚਾਹੀਦੇ। 

 

ਉਨ੍ਹਾਂ ਕਿਹਾ ਕਿ ਕੋਵਿਡ ਦੇ ਬਹੁਤੇ ਮਰੀਜ਼ਾਂ ਨੂੰ ਕਿਸੇ ਵਿਸ਼ੇਸ਼ ਇਲਾਜ ਜਾਂ ਕਿਸੇ ਵਿਸ਼ੇਸ਼ ਦਖਲ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਣਾ,ਸਿਰਫ ਚੰਗਾ ਖਾਣਾ ਅਤੇ ਦਵਾਈਆਂ ਦੀ ਹੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ, ਇਸ ਲਈ ਹਸਪਤਾਲਾਂ ਨੂੰ ਓਨੇ ਪੈਸੇ ਵਸੂਲ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਜਿੰਨੀ ਉਹ ਇਸ ਵੇਲੇ ਵਸੂਲ ਰਹੇ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply