ਵਰਵਰਾ ਰਾਉ ਤੇ ਦੂਜੇ ਬੁੱਧੀਜੀਵੀਆਂ ਨੂੰ ਰਿਹਾ ਕਰੋ

ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਤਾਮਿਲ ਕਵੀ ਵਰਵਰਾ ਰਾਉ ਸਮੇਤ ਭੀਮਾ ਕੋਰੇਗਾਉਂ ਤੇ ਅਲਗਾਰ ਪ੍ਰੀਸ਼ਦ ਨਾਲ ਸੰਬੰਧਿਤ ਕੇਸਾਂ ਵਿੱਚ ਨਾਜਾਇਜ਼ ਤੌਰ ‘ਤੇ ਫਸਾਏ ਗਏ ਸਾਰੇ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਅਤੇ ਸਮਾਜਕ ਕਾਰਕੁਨਾਂ ਨੂੰ ਤੁਰੰਤ ਰਿਹਾ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦੀ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀ ਫ਼ਾਸ਼ੀਵਾਦੀ n ਦਾ ਵਿਰੋਧ ਕਰਨ ਵਾਲੇ ਲੇਖਕਾਂ, ਚਿੰਤਕਾਂ ਤੇ ਸਮਾਜਕ ਨਿਆਂ ਤੇ ਆਜ਼ਾਦੀ ਦੀ ਮੰਗ ਕਰਨ ਵਾਲੇ ਸੱਭਿਆਚਾਰਕ ਕਾਮਿਆਂ ਨੂੰ ਨਿੱਤ ਨਵੇਂ ਝੂਠੇ ਕੇਸਾਂ ਵਿੱਚ ਨਾਮਜ਼ਦ ਕਰਦੀ ਹੈ। ਆਂਧਰਾ ਪ੍ਰਦੇਸ਼ ਦੇ ਉੱਘੇ ਕਵੀ, ਆਲੋਚਕ ਤੇ ਵਿਸ਼ਵ ਪੱਧਰ ‘ਤੇ ਖਿਆਤੀ ਪ੍ਰਾਪਤ ਪ੍ਰੋ. ਵਰਵਰਾ ਰਾਉ, ਜੋ 81 ਸਾਲ ਦੇ ਹਨ ਅਤੇ ਕਾਰੋਨਾ ਸਮੇਤ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ, ਅੱਜ ਭਾਰਤ ਦੇ ਕਿਰਤੀ-ਕਾਮਿਆਂ, ਦਲਿਤਾਂ ਅਤੇ ਹਾਸ਼ੀਏ ਦੇ ਸਮਾਜ ਦੀ ਆਵਾਜ਼ ਬਣ ਚੁੱਕੇ ਹਨ, ਦੀ ਰਿਹਾਈ ਲਈ ਦੁਨੀਆਂ ਭਰ ਦੇ ਬੁੱਧੀਜੀਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਜੋਗਾ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਰਵਰਾ ਰਾਉ, ਆਨੰਦ ਤੇਲਤੁੰਬੜੇ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫਰੇਰਾ, ਵਰਨੌਨ ਗੋਂਜ਼ਾਲਵੇਜ਼, ਸੂਯਨ ਅਬਰਾਹਮ, ਫ਼ਾਦਰ ਸਤਨ ਸਵਾਮੀ, ਮੀਰਾਨ ਹੈਦਰ, ਸਫ਼ੂਰਾ ਜ਼ਰਗਰ, ਅਖਿਲ ਗਗੋਈ, ਪ੍ਰੋ. ਸ਼ੋਮਾਸੇਨ, ਮਹੇਸ਼ ਰਾਉਤ, ਡਾ. ਕਫ਼ੀਲ ਖ਼ਾਨ ਆਦਿ ਨੂੰ ਤੁਰੰਤ ਰਿਹਾ ਕਰੇ ਅਤੇ ਉਨ੍ਹਾਂ ਉੱਪਰ ਬਣਾਏ ਝੂਠੇ ਕੇਸ ਵਾਪਸ ਲਵੇ। ਕੇਂਦਰੀ ਸਭਾ ਦੇ ਜਨਰਲ ਸਕੱਤਰ ਨੇ ਸਭਾ ਦੀਆਂ ਸਾਰੀਆਂ ਇਕਾਈਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਥਾਨਕ ਸਭਾਵਾਂ ਵਿੱਚ ਵਰਵਰਾ ਰਾਉ ਦੀਆਂ ਕਵਿਤਾਵਾਂ ਦਾ ਪਾਠ ਕਰਨ, ਪ੍ਰੋ. ਵਰਵਰਾ ਰਾਉ ਦੀ ਸਾਹਿਤਕ ਦੇਣ ਬਾਰੇ ਚਰਚਾ ਕਰਨ ਅਤੇ ਇਕਮੁੱਠਤਾ ਦਾ ਇਜ਼ਹਾਰ ਕਰਨ ਲਈ ਪ੍ਰੋ. ਵਰਵਰਾ ਰਾਉ ਦੀ ਰਿਹਾਈ ਲਈ ਮੋਮਬੱਤੀਆਂ ਜਗਾਉਣ। ਕੇਂਦਰੀ ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਪੰਜਾਬੀ ਲੇਖਕ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੋਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply