ਅਗਲੇ ਸਾਲ ਲਈ ਜ਼ਰੂਰਤ ਅਨੁਸਾਰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰੋ : ਡਾ. ਅਮਰੀਕ ਸਿੰਘ


ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਦੀ ਸਲਾਹ

ਕਿਸਾਨਾਂ ਨੂੰ ਕੀਤਾ ਮਿਸ਼ਨ ਫਤਿਹ ਅਧੀਨ ਜਾਗਰੁਕ

ਪਠਾਨਕੋਟ,13 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਭਨਵਾਲ ਦਾ ਦੌਰਾ ਕਰਕੇ ਸਿੱਧੀ ਬਿਜਾਈ ਤਕਨੀਕ ਨਾਲ ਕਾਸ਼ਤ ਕੀਤੇ ਝੋਨੇ ਦੀ ਫਸਲ ਦਾ ਜਾਇਜ਼ਾ ਅਤੇ ਕਿਸਾਨਾਂ ਨੇ ਇਸ ਤਕਨੀਕ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਕਿਸਾਨਾਂ ਨੂੰ ਮਿਸ਼ਨ ਫਤਿਹ ਅਧੀਨ ਜਾਗਰੁਕ ਕੀਤਾ ਗਿਆ।

ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕੀਤੇ ਦੌਰੇ ਮੌਕੇ ਉਨਾਂ ਦੇ ਨਾਲ ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ) ਸਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਪ੍ਰਭਾਤ ਸਿੰਘ,ਕਰਮ ਸਿੰਘ,ਮਾਲੀ ਰਾਮ,ਬਿੱਟਾ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕੋਵਿਡ-19 ਦੇ ਚੱਲਦਿਆਂ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਬਲਾਕ ਪਠਾਨਕੋਟ ਵਿੱਚ ਵੱਡੀ ਪੱਧਰ ਤੇ ਕਿਸਾਨਾਂ ਵੱਲੋਂ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਿਸ ਦੇ ਬਿਹਤਰ ਨਤੀਜੇ ਆਉਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਕੁਝ ਖੇਤਾਂ ਵਿੱਚ ਚਾੜੇ /ਸਾਉਣ   ਦੀ ਸਮੱਸਿਆ ਆਈ ਹੈ। ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਜਿਹੇ ਖੇਤ, ਜਿਨਾਂ ਵਿੱਚ ਜੰਗਲੀ ਝੋਨੇ/ਚਾੜਾ ਜਾਂ ਸਾਉਣ ਝੋਨੇ ਦੀ ਸਮੱਸਿਆ ਹੋਵੇ, ਉਥੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਂ ਅਪਨਾਉਣ ਬਾਰੇ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਸੁਚੇਤ ਕੀਤਾ ਸੀ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ।

ਉਨਾਂ ਕਿਹਾ ਕਿ ਝੋਨੇ ਦੀ ਮੱਖ ਫਸਲ ਵਿੱਚ ਜੰਗਲੀ ਝੋਨਾ/ਚਾੜਾ ਜਾਂ ਸਾਉਣ ਦੇ ਬੂਟੇ ਕਿਸੇ ਵੀ ਨਦੀਨਨਾਸ਼ਕ ਦਵਾਈ ਨਾਲ ਨਹੀਂ ਮਰਦੇ ਜਿਸ ਕਾਰਨ ਜੰਗਲੀ ਝੋਨੇ ਨਾਲ ਝੋਨੇ ਦੀ ਫਸਲ ਬਹੁਤ ਪ੍ਰਭਾਵਤ ਹੁੰਦੀ ਹੈ।ਉਨਾਂ ਕਿਹਾ ਕਿ ਚਾੜਾ ਝੋਨਾ, ਮੁੱਖ ਫਸਲ ਵਿੱਚ ਉੱਗਿਆ ਜੰਗਲੀ ਝੋਨਾ ਹੁੰਦਾ ਹੈ,ਜਿਸ ਦੇ ਪੱਕਣ ਤੇ ਦਾਣੇ ਬਹੁਤ ਜਲਦੀ ਖੇਤ ਵਿੱਚ ਝੜ ਜਾਂਦੇ ਹਨ ਜੋ ਅਗਲੇ ਸਾਲ ਹੋਰ ਬੂਟੇ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਮੁੱਖ ਫਸਲ ਵਿੱਚ ਬੂਟੇ ਉੱਚੇ ਹੋਣ ਕਾਰਨ ਪੰਛੀ ਵੀ ਇੰਨਾ ਉਪਰ ਬੈਠਦੇ ਹਨ ਜੋ ਦਾਣੇ ਜਮੀਨ ਉਪਰ ਕੇਰਨ ਵਿੱਚ ਸਹਾਈ ਹੁੰਦੇ ਹਨ । ਉਨਾਂ ਕਿਹਾ ਕਿ ਜੇਕਰ ਫਸਲ ਵਿੱਚ ਅਜਿਹੇ ਬੂਟੇ ਹਨ ਤਾਂ ਪੁੱਟ ਕੇ ਨਸ਼ਟ ਕਰ ਦਿਉ। ਉਨਾਂ ਕਿਹਾ ਕਿ ਪੁੱਟੇ ਹੋਏ ਜੰਗਲੀ ਝੋਨੇ ਦੇ ਬੂਟੇ ਪਸ਼ੂਆਂ ਨੂੰ ਚਾਰੇ ਦੇ ਤੌਰ ਤੇ ਵੀ ਨਾਂ ਵਰਤੋ ਕਿਉਂ ਕਿ ਗੋਹੇ ਰਾਹੀਂ ਖੇਤਾਂ ਵਿੱਚ ਚਾੜਾ/ਸਾਉਣ ਦੇ ਬੀਜ ਦੁਬਾਰਾ ਚਲੇ ਜਾਂਦੇ ਹਨ ਜੋ ਦੁਬਾਰਾ ਉੁੱਗ ਪੈਂਦੇ ਹਨ।

ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਅਗਲੇ ਸਾਲ ਲਈ ਜ਼ਰੂਰਤ ਅਨੁਸਾਰ ਝੋਨੇ/ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਬੀਜ ਤਿਆਰ ਕਰਨ ਲਈ ਰੋਗ ਰਹਿਤ ਝੋਨੇ ਦੀ ਫਸਲ ਦੀ ਚੋਣ ਕਰੋ ਅਤੇ ਕਟਾਈ ਹੱਥ ਨਾਲ ਕਰਕੇ ਝਾੜ ਲਉ।ਉਨਾਂ ਕਿਹਾ ਕਿ ਬੀਜ ਵਾਲੀ ਫਸਲ ਵਿੱਚੋਂ ਆਮ ਫਸਲ ਨਾਲੌ ਉੱਚੇ ਬੂਟੇ ,ਚਾੜੇ ਵਾਲੇ ਬੂਟੇ ਅਤੇ ਨਦੀਨਾਂ ਦੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਤਿਅਰ ਕੀਤੇ ਬੀਜ ਦੀ ਸਾਫ ਸਫਾਈ ਕਰਕੇ ਵੱਖਰਾ ਭੰਡਾਰ ਕਰਕੇ ਸਾਂਭ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਅਤੇ ਬਾਸਮਤੀ ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ । ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਮੁੰਜਰਾਂ ਵਿੱਚ ਦਾਣੇ ਪੂਰੇ ਨਹੀ ਬਣਦੇ ਇਸ ਦਾ ਵਧੇਰੇ ਹਮਲਾ ਆਮ ਕਰਕੇ ਫਸਲ ਨਿਸਰਨ ਵੇਲੇ ਹੁੰਦਾ ਹੈ।

ਇਸ ਰੋਗ ਦੀ ਰੋਕਥਾਮ ਬਾਰੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਸਿਫਾਰਸ਼ਾਂ ਅਨੁਸਾਰ ਹੀ ਯੂਰੀਆਂ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਤਾਂ ਫਲੂਜੀਲਾਜੋਲ+ਕਾਰਬੈਂਡਾਜ਼ੋਲ 37.5 ਈ ਸੀ ਜਾਂ 80 ਗ੍ਰਾਮ ਨੈਟੀਵੋ -75 ਜਾਂ 200 ਮਿ.ਲੀ.ਮੋਨਸਰਨ  ਡਬਲਿਯੂ ਜੀ ਜਾਂ 200 ਮਿ.ਲੀ.ਫੋਲੀਕਰ ਜਾਂ 200 ਮਿਲੀਲਿਟਰ ਐਮੀਸਟਾਰ 325 ਐਸ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਮੁੱਢਾਂ ਵੱਲ ਛਿੜਕਾਅ ਕਰੋ,ਪਰ ਇਹ ਛਿੜਕਾਅ ਫਸਲ ਦੇ ਨਿਸਰਣ ਤੋਂ ਪਹਿਲਾਂ ਹੀ ਕੀਤੀ ਜਾਵੇ ਅਤੇ ਨਿਸਰਣ ਤੋਂ ਬਾਅਦ ਕਿਸੇ ਦਵਾਈ ਦਾ ਛਿੜਕਾਅ ਨਾਂ ਕਰੋ।

ਇਸ ਮੌਕੇ ਗੁਰਦਿੱਤ ਸਿੰਘ  ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨ ਪ੍ਰਭਾਤ ਸਿੰਘ ਨੇ ਕਿਹਾ ਕਿ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦੀ ਬਹੁਤ ਬਚਤ ਹੁੰਦੀ ਹੈ।ਉਨਾ ਕਿਹਾ ਕਿ ਅਗਲੇ ਸਾਲ ਪਿੰਡ ਭਨਵਾ ਵਿੱਚ ਇਸ ਤਕਨੀਕ ਹੇਠ ਰਕਬਾ ਹੋਰ ਵਧੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply