ਕੋਵਿਡ ਸਬੰਧੀ ਲੱਛਣ ਦਿਸਣ ’ਤੇ ਮਰੀਜ ਡਾਕਟਰ ਨਾਲ ਜ਼ਰੂਰ ਕਰਨ ਸੰਪਰਕ, ਜ਼ਰੂਰਤ ਪੈਣ ’ਤੇ ਹਸਪਤਾਲ ਦਾਖਲ ਹੋਣ ’ਚ ਨਾ ਕਰਨ ਦੇਰੀ : ਅਪਨੀਤ ਰਿਆਤ

ਕੋਵਿਡ ਸਬੰਧੀ ਲੱਛਣ ਦਿਸਣ ’ਤੇ ਮਰੀਜ ਡਾਕਟਰ ਨਾਲ ਜ਼ਰੂਰ ਕਰਨ ਸੰਪਰਕ, ਜ਼ਰੂਰਤ ਪੈਣ ’ਤੇ ਹਸਪਤਾਲ ਦਾਖਲ ਹੋਣ ’ਚ ਨਾ ਕਰਨ ਦੇਰੀ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਹਫਤਾਵਰੀ ਫੇਸਬੁੱਕ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਕੀਤਾ ਸੰਬੋਧਨ
ਕਿਹਾ ਜ਼ਿਲ੍ਹੇ ’ਚ ਕੋਵਿਡ ਦੇ ਕਾਰਨ ਹੋਣ ਵਾਲੀਆਂ ਵਧੇਰੇ ਮੌਤਾਂ ਦਾ ਕਾਰਨ ਮਰੀਜ਼ਾਂ ਦਾ ਹਸਪਤਾਲ ’ਚ ਦੇਰੀ ਨਾਲ ਪਹੁੰਚਣਾ
ਕੋਵਿਡ ਬਚਾਅ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਨਾਲ-ਨਾਲ ਪਿੰਡਾਂ ’ਚ ਲਗਾਏ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ
ਡਿਪਟੀ ਕਮਿਸ਼ਨਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਦੇ ਵੈਕਸੀਨੇਸ਼ਨ ਸਬੰਧੀ ਵਿਭਾਗ ਦੇ ਮੁਖੀਆਂ ਨੂੰ ਦਿੱਤੇ ਨਿਰਦੇਸ਼
ਮੰਡੀਆਂ ’ਚ ਕਣਕ ਦੀ ਖਰੀਦ ਦੌਰਾਨ ਕੋਵਿਡ ਬਚਾਅ ਸਬੰਧੀ ਅਪਨਾਈਆਂ ਜਾ ਰਹੀਆਂ ਹਨ ਸਾਵਧਾਨੀਆਂ, ਵੈਕਸੀਨੇਸ਼ਨ ਕੈਂਪ ਵੀ ਜਾਰੀ
ਨਾਈਟ ਕਰਫਿਊ ਦੌਰਾਨ ਉਦਯੋਗਾਂ ’ਚ ਸ਼ਿਫਟਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ ਰੇਲ, ਹਵਾਈ ਜਹਾਜ ਤੇ ਬੱਸਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਆਵਾਜਾਈ ਤੋਂ ਰਹੇਗੀ ਛੂਟ
ਹੁਸ਼ਿਆਰਪੁਰ, 15 ਅਪ੍ਰੈਲ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕੋਵਿਡ ਦੀ ਸਥਿਤੀ ਵਿੱਚ ਪਹਿਲੇ ਨਾਲੋਂ ਕੁਝ ਸੁਧਾਰ ਹੈ ਪਰੰਤੂ ਹੁਣ ਵੀ ਕੁਝ ਮਾਮਲਿਆਂ ਵਿੱਚ ਸਾਨੂੰ ਗੰਭੀਰਤਾ ਦਿਖਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਵਿਡ ਸਬੰਧੀ ਲੱਛਣ ਜਿਵੇਂ ਬੁਖਾਰ, ਸਾਹ ਲੈਣ ਵਿੱਚ ਦਿੱਕਤ ਜਾਂ ਆਕਸੀਜਨ ਦਾ ਪੱਧਰ ਘੱਟ ਹੁੰਦਾ ਹੈ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਅਤੇ ਜ਼ਰੂਰਤ ਪੈਣ ’ਤੇ ਹਸਪਤਾਲ ਵਿੱਚ ਦਾਖਲ ਹੋਣ ਵਿੱਚ ਦੇਰੀ ਨਾ ਕਰਨ। ਉਹ ਆਪਣੇ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਵਿਡ ਸਬੰਧੀ ਜ਼ਿਲ੍ਹੇ ਦੇ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਵੀ ਜ਼ਿਲ੍ਹੇ ਵਿੱਚ ਕੋਵਿਡ ਪਾਜੀਟਿਵ ਮਰੀਜ ਗੰਭੀਰ ਸਥਿਤੀ ਵਿੱਚ ਦੇਰੀ ਨਾਲ ਹਸਪਤਾਲ ਪਹੁੰਚਦੇ ਹਨ ਜਿਸ ਦੇ ਚੱਲਦੇ  ਮਰੀਜ ਦੀ ਜਾਨ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਵਧੇਰੇ ਮੌਤਾਂ ਦਾ ਕਾਰਨ ਮਰੀਜ ਦਾ ਦੇਰੀ ਨਾਲ ਹਸਪਤਾਲ ਪਹੁੰਚਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ 100 ਬੈਡ ਕੋਵਿਡ ਮਰੀਜਾਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਦੇ ਮਰੀਜਾਂ ਲਈ ਹਸਪਤਾਲ ਵਿੱਚ ਸਾਫ਼-ਸਫ਼ਾਈ, ਸਟਾਫ਼, ਖਾਣਾ, ਇਲਾਜ ਸਬੰਧੀ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਸਪਤਾਲਾਂ ਵਿੱਚ ਦਾਖਲ ਹੋਣ ਤੋਂ ਘਬਰਾਉਣ ਨਾ ਅਤੇ ਲੱਛਣ ਦਿਸਣ ’ਤੇ ਜ਼ਰੂਰ ਹਸਪਤਾਲਾਂ ਵਿੱਚ ਦਾਖਲ ਹੋਣ। ਉਨ੍ਹਾਂ ਕਿਹਾ ਕਿ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨਗਰ ਨਿਗਮ ਤੇ ਪ੍ਰੀਸ਼ਦਾਂ ਦੇ ਵਾਰਡ ਪੱਧਰ ਤੋਂ ਇਲਾਵਾ ਹੁਣ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਦੀਆਂ ਸੁਵਿਧਾ ਲਈ ਪਿੰਡਾਂ ਵਿੱਚ ਕੈਂਪ ਲਗਾਉਣ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਕਿ ਉਹਨ੍ਹਾਂ ਦੇ ਪਿੰਡ ਵਿੱਚ ਕਦੋਂ, ਕਿਥੇ ਅਤੇ ਕਿੰਨੇ ਵਜੇ ਵੈਕਸੀਨੇਸ਼ਨ ਕੈਂਪ ਲੱਗੇਗਾ। ਇਸ ਲਈ ਪਿੰਡਾਂ ਵਿੱਚ 45 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਲੋਕ ਆਪਣਾ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਜ਼ਿਲ੍ਹੇ ਦੇ ਸਰਕਾਰੀ ਕਰਮਚਾਰੀਆਂ (ਵਿਸ਼ੇਸ਼ ਤੌਰ ’ਤੇ ਜਿਨ੍ਹਾਂ ਦੀ ਪਬਲਿਕ ਡਿÇਲੰਗ ਵਧੇਰੇ ਹੈ) ਦੀ ਵੈਕਸੀਨੇਸ਼ਨ ਕਰਵਾਉਣ ਸਬੰਧੀ ਵਿਭਾਗ ਮੁਖੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕਰਦੇ ਹੋਏ ਕਿਹਾ ਕਿ ਵੈਕਸੀਨੇਸ਼ਨ ਕੋਵਿਡ ਤੋਂ ਕਾਫ਼ੀ ਹੱਦ ਤੱਕ ਬਚਾਅ ਕਰਦੀ ਹੈ ਪਰੰਤੂ 100 ਪ੍ਰਤੀਸ਼ਤ ਕੋਵਿਡ ਸੁਰੱਖਿਆ ਦਾ ਦਾਅਵਾ ਨਹੀਂ ਕਰਦੀ ਬਲਕਿ ਕੋਈ ਵੀ ਵੈਕਸੀਨੇਸ਼ਨ ਕਿਸੇ ਵੀ ਬੀਮਾਰੀ ਤੋਂ 100 ਪ੍ਰਤੀਸ਼ਤ ਸੁਰੱਖਿਆ ਦਾ ਦਾਅਵਾ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵੈਕਸੀਨੇਸ਼ਨ ਕਰਵਾਉਂਦੇ ਹਾਂ ਤਾਂ ਅਸੀਂ ਕੋਵਿਡ ਦੇ ਗੰਭੀਰ ਨਤੀਜਿਆਂ ਤੋਂ ਕਾਫ਼ੀ ਹੱਦ ਤੱਕ ਬਚ ਜਾਂਦੇ ਹਾਂ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਤੇ ਮਾਹਿਰ ਡਾਕਟਰਾਂ ਦੀ ਹੀ ਸਲਾਹ ਲੈਣ ਲਈ ਕਿਹਾ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 84 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਇਸ ਸੀਜਨ 3 ਲੱਖ 40 ਹਜ਼ਾਰ ਮੀਟ੍ਰਿਕ ਟਨ ਦੇ ਕਰੀਬ ਕਣਕ ਦੀ ਖਰੀਦ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਾਰਾ ਸਟਾਫ਼ ਕੰਮ ’ਤੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਮਾਜਿਕ ਦੂਰੀ ਤੇ ਕੋਵਿਡ ਬਚਾਅ ਸਬੰਧੀ ਸਾਵਧਾਨੀਆਂ ਨੂੰ ਅਪਨਾਉਂਦੇ ਹੋਏ ਖਰੀਦ ਪ੍ਰਕਿਰਿਆ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਵੈਕਸੀਨੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ, ਸਟਾਫ਼ ਤੇ ਲੇਬਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਜਿਆਦਾ ਸਮਾਂ ਨਾ ਲੱਗੇ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕੋਵਿਡ ਸਬੰਧੀ ਦਿੱਤੇ ਗਏ ਆਦੇਸ਼ਾਂ ਬਾਰੇ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਚੱਲਦਿਆਂ ਰਾਤ ਦੇ ਕਰਫਿਊ ਦੌਰਾਨ ਆਮ ਲੋਕਾਂ ਦੇ ਗੈਰਜ਼ਰੂਰੀ ਆਵਾਜਾਈ ’ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ। ਇਸ ਦੌਰਾਨ ਜ਼ਿਲ੍ਹੇ ਦੀ ਹੱਦ ਅੰਦਰ ਗੈਰ ਜ਼ਰੂਰੀ ਆਵਾਜਾਈ ਤੇ ਵਿਅਕਤੀਗਤ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਉਦਯੋਗਾਂ ਵਿੱਚ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਵਾਜਾਈ ਤੋਂ ਇਲਾਵਾ ਰੇਲ, ਹਵਾਈ ਜਹਾਜ਼ ਤੇ ਬੱਸਾਂ ਤੋਂ ਆਣ-ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਤੋਂ ਛੂਟ ਰਹੇਗੀ। ਇਸ ਦੇ ਨਾਲ ਹੀ ਅੰਤਿਮ ਸਸਕਾਰ/ਵਿਆਹ ਦੇ ਸਮੇਂ ਹੋਣ ਵਾਲੇ ਅੰਦਰੂਨੀ ਇਕੱਠ ਲਈ ਵਿਅਕਤੀਆਂ ਦੀ ਸੰਖਿਆ 50 ਅਤੇ ਬਾਹਰੀ ਇਕੱਠ ਲਈ ਇਹ ਸੰਖਿਆ 100 ਤੱਕ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਾਦੀਆਂ ਵਿੱਚ ਜੋ ਵੀ ਮੈਰਿਜ ਪੈਲੇਸ ਤੈਅ ਕੀਤੀ ਗਈ ਸੰਖਿਆ ਤੋਂ ਵੱਧ ਇਕੱਠ ਕਰਨਗੇ, ਉਸ ਦੇ ਅਤੇ ਆਯੋਜਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪਹਿਲੇ ਵੀ ਕਈ ਮੈਰਿਜ ਪੈਲੇਸਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਵਿੱਚ ਹੋਣ ਵਾਲੇ ਕਬੱਡੀ ਅਤੇ ਹੋਰ ਖੇਡ ਮੁਕਾਬਲਿਆਂ ਦੇ ਆਯੋਜਨ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਜਦ ਤੱਕ ਕੋਵਿਡ ਦੀ ਸਥਿਤੀ ’ਤੇ ਕੰਟਰੋਲ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਤਰ੍ਹਾਂ ਦੇ ਆਯੋਜਨ ਨਾ ਕੀਤੇ ਜਾਣ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply