ਜ਼ਿਲ੍ਹਾ ਮੈਜਿਸਟਰੇਟ ਨੇ ਨਾਈਟ ਤੇ ਸਪਤਾਹਿਕ ਕਰਫਿਊ ਤੋਂ ਇਲਾਵਾ ਲਗਾਈਆਂ ਗਈਆਂ ਪਾਬੰਦੀਆ ਨੂੰ 15 ਮਈ ਤੱਕ ਵਧਾਉਣ ਦੇ ਦਿੱਤੇ ਆਦੇਸ਼


ਜ਼ਿਲ੍ਹੇ ’ਚ ਪਾਬੰਦੀਆਂ ਦੌਰਾਨ ਸਾਰੀਆਂ ਗੈਰ ਜ਼ਰੂਰੀ ਆਵਾਜਾਈ ਤੇ ਗਤੀਵਿਧੀਆਂ ਰਹਿਣਗੀਆਂ ਬੰਦ

ਨਿਰਧਾਰਤ ਕੀਤੀਆਂ ਗਈਆਂ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਦੌਰਾਨ ਰਹੇਗੀ ਛੋਟ

ਸਾਰੇ ਤਰ੍ਹਾਂ ਦੇ ਸਮਾਜਿਕ, ਸੰਸਕ੍ਰਿਤ ਤੇ ਖੇਡ ਇਕੱਠ ’ਤੇ ਪਾਬੰਦੀ, ਵਿਆਹ/ਅੰਤਿਮ ਸਸਕਾਰ ’ਚ 20 ਤੋਂ ਵੱਧ ਵਿਅਕਤੀਆਂ ਦਾ ਨਹੀਂ ਕੀਤਾ ਜਾ ਸਕਦਾ ਇਕੱਠ


ਹੁਸ਼ਿਆਰਪੁਰ, 1 ਮਈ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਗ੍ਰਹਿ ਤੇ ਨਿਆ ਵਿਭਾਗ, ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦਿੱਤੇ ਗਏ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਲਗਾਈਆਂ ਪਾਬੰਦੀਆਂ 15 ਮਈ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸਬੰਧਤ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹੁਕਮਾਂ ਦੀ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਵੀ ਦਿੱਤੇ। ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਵਿੱਚ ਰੋਜ਼ਾਨਾ ਰਾਤ ਦੇ ਕਰਫਿਊ ਵਿੱਚ ਆਮ ਲੋਕਾਂ ਦੀ ਗੈਰ ਜ਼ਰੂਰੀ ਆਵਾਜਾਈ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਲਗਾ ਦਿੱਤੀ ਹੈ ਜਦਕਿ ਹਫਤਾਵਰੀ ਕਰਫਿਊ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜ਼ਿਲ੍ਹੇ ਦੀ ਹੱਦ ਅੰਦਰ ਗੈਰ ਜ਼ਰੂਰੀ ਆਵਾਜਾਈ ਅਤੇ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ। ਉਨ੍ਹਾਂ ਹੁਕਮ ਕੀਤੇ ਕਿ ਬੱਸਾਂ, ਟੈਕਸੀਆਂ ਤੇ ਆਟੋ ਵਿੱਚ ਲੋਕਾਂ ਦੇ ਬੈਠਣ ਦੀ ਗਿਣਤੀ ਦੀ ਸਮਰੱਥਾ 50 ਪ੍ਰਤੀਸ਼ਤ ਰੱਖੀ ਜਾਵੇ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪਾਬੰਦੀਆਂ ਦੌਰਾਨ ਕੋਵਿਡ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਸਪਤਾਲ, ਪਸ਼ੂ ਹਸਪਤਾਲ, ਪਬਲਿਕ ਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ, ਮੈਡੀਕਲ ਉਪਕਰਨਾਂ ਦੇ ਮੈਨੂਫੈਕਚਰਿੰਗ ਤੇ ਸਪਲਾਈ ਦੀ ਆਵਾਜਾਈ ਨੂੰ ਛੋਟ ਰਹੇਗੀ ਅਤੇ ਕੈਮਿਸਟ ਦੀਆਂ ਦੁਕਾਨਾਂ, ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਵੇਂ ਦੁੱਧ, ਡੇਅਰੀ ਉਤਪਾਦ, ਪੋਲਟਰੀ, ਮੀਟ, ਸਬਜੀ ਤੇ ਫ਼ਲ ਆਦਿ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਨਿਰਮਾਣ ਉਦਯੋਗ ਅਤੇ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ, ਲੇਬਰ, ਵਾਹਨਾਂ ਤੋਂ ਇਲਾਵਾ ਰੇਲ, ਹਵਾਈ ਜਹਾਜ ਤੇ ਬੱਸਾਂ ਤੋਂ ਆਣ-ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਤੋਂ ਛੋਟ ਰਹੇਗੀ। ਜਾਰੀ ਹੁਕਮਾਂ ਵਿੱਚ ਉਨ੍ਹਾਂ ਸ਼ਹਿਰਾਂ ਤੇ ਪਿੰਡਾਂ ਵਿੱਚ ਕੰਸਟ੍ਰਕਸ਼ਨ ਗਤੀਵਿਧੀਆਂ,ਖੇਤੀ, ਅਨਾਜ ਦੀ ਖਰੀਦ, ਬਾਗਬਾਨੀ,ਪਸ਼ੂ ਪਾਲਣ, ਪਸ਼ੂਆਂ ਦੇ ਇਲਾਜ,ਈ-ਕਾਮਰਸ ਗਤੀਵਿਧੀ ਤੇ ਸਾਮਾਨਦੀ ਮੂਵਮੈਂਟ,ਵੈਕਸੀਨੇਸ਼ਨ ਆਊਟ ਰਿਚ ਕੈਂਪ ਆਦਿ ਨੂੰ ਛੋਟ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰੈਟਰੋਲ ਪੰਪ, ਪੈਟਰੋਲ ਉਤਪਾਦਨ,ਐਲ.ਪੀ.ਜੀ., ਟੈਲੀਕਮਿਊਨੀਕੇਸ਼ਨ,ਇੰਟਰਨੈਟ ਸਰਵਿਸ, ਬ੍ਰਾਡਕਾਸਟਿੰਗ ਅਤੇ ਕੇਬਲ ਸਰਵਿਸ, ਆਈ.ਟੀ. ਤੇ ਆਈ. ਟੀ. ਤੋਂ ਸਬੰਧਤ ਸੇਵਾਵਾਂ, ਪਾਵਰ ਜਨਰੇਸ਼ਨ, ਟ੍ਰਾਂਸਮਿਸ਼ਨ ਦੇ ਯੂਨਿਟ ਸਪਲਾਈ ਤੇ ਸੇਵਾਵਾਂ, ਕੋਲਡ ਸਟੋਰੇਜ ਤੇ ਵੇਅਰ ਹਾਊਸਿੰਗ ਸੇਵਾਵਾਂ, ਸਾਰੇ ਬੈਂਕਿੰਗ, ਆਰ.ਬੀ.ਆਈ. ਸਰਵਿਸ, ਏ.ਟੀ.ਐਮ., ਕੈਸ਼ ਵੈਨ ਤੇ ਕੈਸ਼ ਡਿਲਿਵਰੀ ਆਦਿ ਸੇਵਾਵਾਂ ਨੂੰ ਪਾਬੰਦੀ ਦੌਰਾਨ ਛੋਟ ਰਹੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਅ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ, ਹੋਟਲਸ ਕੈਫੇ, ਕਾਫੀ ਸ਼ਾਪ, ਫਾਸਟ ਫੂਡ ਆਊਟਲੇਟ ਆਦਿ ਬਿਠਾ ਕੇ ਖਿਲਾਉਣ ਲਈ ਬੰਦ ਰਹਿਣਗੇ ਜਦਕਿ ਉਨ੍ਹਾਂ ਨੂੰ ਰਾਤ 9 ਵਜੇ ਤੱਕ ਟੇਕਅਵੇ ਤੇ ਹੋਮ ਡਿਲਿਵਰੀ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਮਾਲ ਤੇ ਮਲਟੀਪਲੈਕਸ ਵਿੱਚ ਬਣੀਆਂ ਸਾਰੀਆਂ ਦੁਕਾਨਾਂ ਵੀ ਰੋਜ਼ਾਨਾ 5 ਵਜੇ ਤੱਕ ਖੁੱਲ੍ਹਣਗੀਆਂ ਅਤੇ ਸਾਰੇ ਹਫਤਾਵਰੀ ਬਾਜਾਰ ਤੇ ਆਪਣੀ ਮੰਡੀ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਸਾਰੇ ਤਰ੍ਹਾਂ ਦੇ ਸਮਾਜਿਕ, ਸੰਸਕ੍ਰਿਤ ਤੇ ਖੇਡ ਇਕੱਠ ਆਦਿ ਪ੍ਰੋਗਰਾਮਾਂ ’ਤੇ ਪਾਬੰਦੀ ਰਹੇਗੀ। ਵਿਆਹ/ਅੰਤਿਮ ਸਸਕਾਰ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਅੰਤਿਮ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗੇਤੀ ਮਨਜ਼ੂਰੀ ਜ਼ਰੂਰੀ ਕਰ ਦਿੱਤੀ ਗਈ ਹੈ। ਇਹ ਮਨਜ਼ੂਰੀ ਸਬੰਧਤ ਐਸ.ਡੀ.ਐਮ ਵਲੋਂ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਰਾਜਨੀਤਿਕ ਇਕੱਠ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਕੀਤੇ ਹਨ। ਉਲੰਘਣਾ ਕਰਨ ਤੇ ਆਯੋਜਕਾਂ, ਸ਼ਾਮਲ ਹੋਣ ਵਾਲਿਆਂ, ਆਯੋਜਨ ਸਥਾਨ ਦੇ ਮਾਲਕ, ਟੈਂਟ ਹਾਊਸ ਦੇ ਖਿਲਾਫ਼ ਡੀ.ਐਮ.ਏ. ਤੇ ਮਹਾਮਾਰੀ (ਐਪੀਡੈਮਿਕਸ) ਐਕਟ ਤਹਿਤ ਮੁਕਦਮਾ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਯੋਜਨ ਸਥਾਨ ਨੂੰ 3 ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਕਿਤੇ ਵੀ ਵੱਡੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਘਰ ਵਾਪਸੀ ’ਤੇ ਪ੍ਰੋਟੋਕੋਲ ਅਨੁਸਾਰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੀਆਂ ਵਿਦਿਅਕ ਸੰਸਥਾਵਾਂ, ਸਕੂਲ ਤੇ ਕਾਲਜ ਆਦਿ 16 ਮਈ ਤੱਕ ਬੰਦ ਰੱਖਣ ਦੇ ਹੁਕਮ ਕੀਤੇ ਹਨ ਪਰੰਤੂ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਸਾਰੇ ਕੰਮਕਾਜ ਵਾਲੇ ਦਿਨ ਹਾਜ਼ਰ ਰਹਿਣਗੇ। ਜਦਕਿ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ ਅਤੇ ਸਾਰੇ ਤਰ੍ਹਾਂ ਦੀ ਭਰਤੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਉਦਯੋਗ ਸਮੇਤ ਸਾਰੇ ਨਿਜੀ ਦਫ਼ਤਰਾਂ ਜਿਨ੍ਹਾਂ ਵਿੱਚ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ਼ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਂਦੇ। ਇਸ ਤੋਂ ਇਲਾਵਾ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨ੍ਹਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਜਿਨ੍ਹਾਂ ਕਰਮਚਾਰੀਆਂ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਪਾਜੀਟਿਵ ਹੋਵੇਗੀ, ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ’ਤੇ ਪਾਬੰਦੀ ਲਗਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉਣ ਲਈ ਕਿਹਾ।

ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਵੱਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜਾਰ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਅਪਨਾਈਆਂ ਜਾਣ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭੀੜ ਵਾਲੇ ਸਥਾਨਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜਾਂ ਜੇਕਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾ ਜਨਤਕ ਕੰਮ ਸਥਾਨਾਂ ’ਤੇ ਮਾਸਕ ਪਹਿਨਣ, ਜਨਤਕ ਥਾਵਾਂ ’ਤੇ ਨਾ ਥੁੱਕਣ ਅਤੇ ਸਮੇਂ-ਸਮੇਂ ’ਤੇ ਹੱਥ ਸਾਬਨ ਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਮੈਨੇਜਮੈਂਟ ਐਕਟ 1860 ਦੀ ਧਾਰਾ 51 ਤੋਂ 60 ਤੱਕ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply