LATEST HOSHIARPUR : ਵੱਡੀ ਖ਼ਬਰ : ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਲਈ ਉਮੀਦਵਾਰ ਲਈ ਐਮ.ਸੀ.ਐਮ.ਸੀ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ, ਪ੍ਰਵਾਨਗੀ ਬਿਨ੍ਹਾਂ ਇਸ਼ਤਿਹਾਰ ਪ੍ਰਕਾਸ਼ਿਤ ਜਾਂ ਟੈਲੀਕਾਸਟ ਕਰਨ ’ਤੇ ਮੀਡੀਆ ਹਾਊਸ ’ਤੇ ਦਰਜ ਹੋਵੇਗਾ ਕੇਸ : ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਪੇਡ ਨਿਊਜ਼ ’ਤੇ ਰੱਖੇਗੀ ਪੈਨੀ ਨਜ਼ਰ
-ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇਣ ਲਈ ਉਮੀਦਵਾਰ ਲਈ ਐਮ.ਸੀ.ਐਮ.ਸੀ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ : ਡਿਪਟੀ ਕਮਿਸ਼ਨਰ
-ਕਿਹਾ, ਉਮੀਦਵਾਰ ਦੀ ਪ੍ਰਵਾਨਗੀ ਬਿਨ੍ਹਾਂ ਇਸ਼ਤਿਹਾਰ ਪ੍ਰਕਾਸ਼ਿਤ ਜਾਂ ਟੈਲੀਕਾਸਟ ਕਰਨ ’ਤੇ ਮੀਡੀਆ ਹਾਊਸ ’ਤੇ ਦਰਜ ਹੋਵੇਗਾ ਕੇਸ
ਹੁਸ਼ਿਆਰਪੁਰ, 14 ਜਨਵਰੀ  : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ’ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ) ਸਥਾਪਿਤ ਕੀਤੀ ਜਾ ਚੁੱਕੀ ਹੈ, ਜਿਸਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਜੋ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਦੇ ਚੇਅਰਪਰਸਨ ਵੀ ਹਨ, ਨੇ ਦੱਸਿਆ ਕਿ ਐਮ.ਸੀ.ਐਮ.ਸੀ ਵਲੋਂ ਅਖਬਾਰਾਂ, ਰੇਡਿਓ, ਟੀ.ਵੀ, ਈ-ਪੇਪਰ, ਸਿਨੇਮਾ ਹਾਲ, ਬਲਕ ਮੈਸੇਜ਼ ਅਤੇ ਸੋਸ਼ਲ ਮੀਡੀਆ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਪੇਡ ਨਿਊਜ਼ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਮੀਦਵਾਰ ਕਿਸੇ ਵੀ ਮੀਡੀਆ ਵਿੱਚ ਪੇਡ ਨਿਊਜ਼ ਪ੍ਰਕਾਸ਼ਿਤ ਕਰਵਾਉਂਦਾ ਹੈ ਤਾਂ ਰਿਟਰਨਿੰਗ ਅਫ਼ਸਰ ਵਲੋਂ ਸਬੰਧਿਤ ਉਮੀਦਵਾਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਜਿਸਦਾ ਉਮੀਦਵਾਰ ਵਲੋਂ 48 ਘੰਟੇ ਵਿੱਚ ਜਵਾਬ ਦੇਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ ਉਮੀਦਵਾਰ ਦੇ ਜਵਾਬ ਤੋਂ ਬਾਅਦ ਆਪਣਾ ਅੰਤਿਮ ਫੈਸਲਾ ਲਵੇਗੀ। ਪੇਡ ਨਿਊਜ਼ ਦਾ ਐਲਾਨ ਹੋਣ ’ਤੇ ਜਿੱਥੇ ਇਸਨੂੰ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਿਲ ਕੀਤਾ ਜਾਵੇਗਾ, ਉਥੇ ਹੀ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਅਪਲੋਡ ਵੀ ਕੀਤਾ ਜਾਵੇਗਾ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੇਡਿਓ, ਟੀ.ਵੀ, ਸਿਨੇਮਾ ਹਾਲ, ਬਲਕ ਮੈਸੇਜ਼, ਸੋਸ਼ਲ ਮੀਡੀਆ ਅਤੇ ਈ-ਪੇਪਰ ਵਿੱਚ ਇਸ਼ਤਿਹਾਰ ਦੇਣ ਲਈ ਉਮੀਦਵਾਰ ਦੀ ਤਰਫੋਂ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ.ਤੋਂ ਨਿਰਧਾਰਿਤ ਫਾਰਮ ’ਤੇ ਪ੍ਰੀ-ਸਰਟੀਫਿਕੇਸ਼ਨ ਪ੍ਰਾਪਤ ਕਰਨਾ ਲਾਜ਼ਮੀ ਹੈ। ਇਹ ਫਾਰਮ ਸੀ.ਈ.ਓ ਪੰਜਾਬ ਦੀ ਵੈਬਸਾਈਟ ’ਤੇ ਉਪਲਬੱਧ ਹੈ। ਇਸ ਤੋਂ ਇਲਾਵਾ ਐਮ.ਸੀ.ਐਮ.ਸੀ. ਵਿੱਚੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਮ.ਸੀ.ਐਮ.ਸੀ ਤੋਂ ਪ੍ਰੀ-ਸਰਟੀਫਿਕੇਸ਼ਨ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਕਮਰਾ ਨੰਬਰ-312 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਵਾਲੇ ਦਿਨ ਅਤੇ ਚੋਣਾਂ ਤੋਂ ਇਕ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿੱਚ ਇਸ਼ਤਿਹਾਰ ਦੇਣ ਲਈ ਵੀ ਉਕਤ ਕਮੇਟੀ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਇਸ਼ਤਿਹਾਰ ਅਤੇ ਇਸਦੀ ਪੂਰੀ ਸਕਰਿਪਟ ਨੂੰ ਵਾਚਣ,  ਇਸ਼ਤਿਹਾਰ ਬਣਾਉਣ ਅਤੇ ਲਗਾਉਣ ’ਤੇ ਹੋਏ ਖਰਚੇ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰ ਲਈ ਲਿਖਤੀ ਸਕਰਿਪਟ ਦੇ ਨਾਲ-ਨਾਲ ਆਡਿਓ-ਵੀਡਿਓ ਇਸ਼ਤਿਹਾਰ ਦੀਆਂ ਦੋ ਕਾਪੀਆਂ ਵੀ ਉਪਲਬੱਧ ਕਰਵਾਉਣੀਆਂ ਪੈਣਗੀਆਂ ਅਤੇ ਸਕਰਿਪਟ ਉਮੀਦਵਾਰ ਵਲੋਂ ਤਸਦੀਕ ਕੀਤੀ ਜਾਣੀ ਚਾਹੀਦੀ ਹੈ।
       ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ਼ਤਿਹਾਰ ਦੇ ਟੈਲੀਕਾਸਟ ਤੋਂ 3 ਦਿਨ ਪਹਿਲਾਂ ਨਿਰਧਾਰਿਤ ਪ੍ਰੋਫਾਰਮੇ ਨਾਲ ਉਪਰੋਕਤ ਪ੍ਰਵਾਨਗੀ ਲਈ ਅਰਜ਼ੀ ਦੇਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀ ਵਲੋਂ ਜਾਰੀ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਦੀ ਪ੍ਰਵਾਨਗੀ ਸੂਬਾ ਪੱਧਰੀ ਕਮੇਟੀ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਕੇਬਲ ਓਪਰੇਟਰਾਂ, ਸੋਸ਼ਲ ਮੀਡੀਆ, ਵੈਬ ਚੈਨਲਾਂ, ਵੈਬ ਸਾਈਟਸ ਸੰਚਾਲਕਾਂ ਅਤੇ ਹੋਰ ਸਾਰੇ ਇਲੈਕਟ੍ਰੋਨਿਕ ਮੀਡੀਆ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ/ਉਮੀਦਵਾਰ ਦੇ ਸਿਆਸੀ ਇਸ਼ਤਿਹਾਰ ਚਲਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਅਜਿਹੀ ਪ੍ਰਵਾਨਗੀ ਦੀ ਕਾਪੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੀਡੀਆ ਹਾਊਸ ਉਮੀਦਵਾਰ ਦੀ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾਂ ਇਸ਼ਤਿਹਾਰ ਪ੍ਰਕਾਸ਼ਿਤ/ਟੈਲੀਕਾਸਟ ਕਰਦਾ ਹੈ, ਤਾਂ ਉਸ ਵਿਰੁੱਧ ਧਾਰਾ 171-ਐਚ ਤਹਿਤ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਸਿਆਸੀ ਪਾਰਟੀਆਂ ਅਤੇ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply