DOABA TIMES : ਸ੍ਰੀਮਤੀ ਨਾਰੂ ਦੀ ਪ੍ਰੇਰਨਾ ਸਦਕਾ ਹਜ਼ਾਰਾਂ ਔਰਤਾਂ ਨੇ ਆਰਥਿਕ ਅਜ਼ਾਦੀ ਹਾਸਲ ਕਰਕੇ ਸਮਾਜ ਵਿੱਚ ਨਾਮਣਾ ਖੱਟਿਆ

Advertisements
-ਔਰਤਾਂ ਦੇ ਹੱਕਾਂ ਦੀ ਅਲੰਬਰਦਾਰ ਬਟਾਲਾ ਦੀ 93 ਸਾਲਾ ਹਿੰਮਤੀ ਔਰਤ ਪ੍ਰਕਾਸ਼ ਕੌਰ ਨਾਰੂ 
ਬਟਾਲਾ,15 ਫਰਵਰੀ (  ਸੰਜੀਵ, ਅਵਿਨਾਸ਼ ) ਬਟਾਲਾ ਸ਼ਹਿਰ ਦੀ 93 ਸਾਲ ਦੀ ਇੱਕ ਹਿੰਮਤੀ ਔਰਤ ਅੱਜ ਵੀ ਪੂਰੇ ਜੋਸ਼ ਨਾਲ ਔਰਤਾਂ ਦੇ ਹੱਕਾਂ ਲਈ ਲੜ ਰਹੀ ਹੈ ਅਤੇ ਉਸਦੇ ਯਤਨਾ ਸਦਕਾ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਔਰਤਾਂ ਆਰਥਿਕ ਅਜ਼ਾਦੀ ਹਾਸਲ ਕਰਕੇ ਆਪਣੇ ਪੈਰਾਂ ਸਿਰ ਖੜੀਆਂ ਹੋ ਸਕੀਆਂ ਹਨ। ਸਾਦੇ ਜੀਵਨ ਅਤੇ ਉੱਚੀ ਸੋਚ ਦੀ ਧਾਰਨੀ ਪ੍ਰਕਾਸ਼ ਕੌਰ ਨਾਰੂ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਅਜਿਹਾ ਮਿਸਾਲੀ ਕੰਮ ਕੀਤਾ ਹੈ ਕਿ ਉਸਦੇ ਯਤਨਾ ਨੇ ਔਰਤਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।
7 ਨਵੰਬਰ 1927 ਵਿੱਚ ਟਾਟਾ ਨਗਰ ਵਿਖੇ ਜਨਮੀ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਪੋਸਟ ਗਰੈਜੂਏਟ ਹਨ। ਉਨਾਂ ਦਾ ਵਿਆਹ ਬਟਾਲਾ ਦੇ ਨਿਵਾਸੀ ਆਰਮੀ ਅਫ਼ਸਰ ਸ. ਅਵਤਾਰ ਸਿੰਘ ਨਾਰੂ ਨਾਲ ਹੋਇਆ ਸੀ। ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚ ਮਿਲੀ ਲੋਕ ਸੇਵਾ ਦੀ ਵਿਰਾਸਤ ਨੂੰ ਸ੍ਰੀਮਤੀ ਨਾਰੂ ਨੇ ਅੱਗੇ ਵਧਾਇਆ ਅਤੇ ਸਾਲ 1971 ਵਿਚ ਉਸਨੇ ਬਟਾਲਾ ਵਿਖੇ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਸ਼ਾਖਾ ਖੋਲ ਕੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰ ਦਿੱਤਾ। ਸ੍ਰੀਮਤੀ ਨਾਰੂ ਨੇ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੂੰ ਲਾਮਬੱਧ ਕਰਕੇ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ਉਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦੇ ਕੇ ਆਰਥਿਕ ਅਜ਼ਾਦੀ ਦਿਵਾਉਣ ਲਈ ਅਹਿਮ ਉਪਰਾਲ ਕੀਤੇ ਜੋ ਅੱਜ ਵੀ ਜਾਰੀ ਹਨ।
ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਵਲੋਂ 16 ਜੂਨ 1971 ਨੂੰ ਬਟਾਲਾ ਵਿਖੇ ਵੂਮੈਨ ਕਾਨਫਰੰਸ ਦੀ ਸ਼ੁਰੂਆਤ ਕੀਤੀ ਸੀ। ਉਨਾਂ ਨੇ ਔਰਤਾਂ ਨੂੰ ਆਪਣੇ ਨਾਲ ਮਿਲਾ ਕੇ ਔਰਤਾਂ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ। ਔਰਤਾਂ ਦੇ ਇਸ ਸੰਗਠਨ ਨੇ ਜਿਥੇ ਬਹੁਤ ਸਾਰੇ ਘਰੇਲੂ ਝਗੜਿਆਂ ਨੂੰ ਹੱਲ ਕਰਾ ਕੇ ਔਰਤਾਂ ਦੇ ਘਰ ਵਸਾਏ ਉਥੇ ਇਸ ਸੰਸਥਾ ਵਲੋਂ ਲੜਕੀਆਂ ਅਤੇ ਔਰਤਾਂ ਨੂੰ ਸਿਲਾਈ ਕਢਾਈ, ਕਟਿੰਗ, ਟੇਲਰਿੰਗ, ਫਾਈਨ ਆਰਟਸ, ਬਿਊਟੀ ਪਾਰਲਰ ਅਤੇ ਕੰਪਿਊਟਰ ਦੀ ਪੜਾਈ ਕਰਾ ਕੇ ਉਨਾਂ ਲਈ ਜ਼ਿੰਦਗੀ ਦੇ ਨਵੇਂ ਰਾਹ ਖੋਲੇ ਹਨ। ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਲੜਕੀਆਂ ਇਥੋਂ ਵੱਖ-ਵੱਖ ਕੋਰਸ ਕਰ ਕੇ ਪੂਰੀ ਕਾਮਯਾਬੀ ਨਾਲ ਆਪਣੇ ਕੰਮ ਚਲਾ ਰਹੀਆਂ ਹਨ। ਪ੍ਰਕਾਸ਼ ਕੌਰ ਨਾਰੂ ਦੀ ਅਗਵਾਈ ਹੇਠ ਪਿਛਲੇ 49 ਸਾਲਾਂ ਤੋਂ ਬਟਾਲਾ ਦੀ ਵੂਮੈਨ ਕਾਨਫਰੰਸ ਦਾ ਔਰਤਾਂ ਦੀ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਿੱਖਿਅਤ ਕਰਨ ਦੇ ਇਸ ਕਾਰਜ ਵਿੱਚ ਇਸ ਸੰਸਥਾ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਗਰੀਬ ਅਤੇ ਲੋੜਵੰਦ ਲੜਕੀਆਂ ਦੀ ਪੜਾਈ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਉੱਚ-ਤਲੀਮ ਦਿੱਤੀ ਹੈ ਅਤੇ ਇਹ ਸਾਰੀਆਂ ਲੜਕੀਆਂ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਪ੍ਰਕਾਸ਼ ਕੌਰ ਨਾਰੂ ਇਸ ਸਮੇਂ ਭਾਰਤ ਵਿੱਚ ਸਾਰੀ ਵੂਮੈਨ ਕਾਨਫਰੰਸ ਦੀਆਂ ਮੈਂਬਰਾਂ ਵਿਚੋਂ ਸਭ ਤੋਂ ਵੱਡੀ ਉਮਰ ਦੇ ਮੈਂਬਰ ਹਨ ਜੋ ਅਜੇ ਵੀ ਪੂਰੀ ਸ਼ਿਦਤ ਨਾਲ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ।
        ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਸਮਾਜ ਸੇਵਾ ਵਿੱਚ ਪਾਏ ਆਪਣੇ ਯੋਗਦਾਨ ਤੋਂ ਪੂਰੀ ਤਰਾਂ ਸੰਤੁਸ਼ਟ ਹਨ ਅਤੇ ਉਨਾਂ ਦਾ ਮੰਨਣਾ ਹੈ ਕਿ ਸਾਨੂੰ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਜਿਨਾਂ ਵੀ ਹੋ ਸਕੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply