ਪੰਜਾਬ ਆਪਣੇ ਹੱਕਾਂ ਦੀ ਰਾਖੀ ਲਈ ਹਰੇਕ ਧੱਕੇਸ਼ਾਹੀ ਦਾ ਟਾਕਰਾ ਕਰੇਗਾ : ਸੁਨੀਲ ਜਾਖੜ

ਮੋਦੀ ਦੀ ਸੋਚ ਨਾ ਕੇਵਲ ਕਿਸਾਨੀ ਬਲਕਿ ਪੂਰੇ ਮੁਲਕ ਲਈ ਘਾਤਕ

ਅਕਾਲੀ ਦਲ ਨੇ ਕੇਂਦਰ ਦੇ ਵਰਤਮਾਨ ਕਾਲੇ ਖੇਤੀ ਕਾਨੂੰਨਾਂ ਦਾ ਮੁੱਢ ਬੰਨਿਆ

ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਵਿਚ ਕਿਸਾਨ ਜਾਗਰੂਕਤਾ ਸਭਾ

ਗੁਰਦਾਸਪੁਰ, 29 ਅਕਤੂਬਰ ( ਅਸ਼ਵਨੀ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਨੂੰ ਪੂਰੇ ਮੁਲਕ ਲਈ ਘਾਤਕ ਦੱਸਦਿਆਂ ਕਿਹਾ ਹੈ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਨਾਲ ਨਾ ਕੇਵਲ ਕਿਸਾਨ ਬਲਕਿ ਸਮਾਜ ਦਾ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਪਰ ਉਨਾਂ ਨੇ ਨਾਲ ਹੀ ਕਿਹਾ ਕਿ ਪੰਜਾਬ ਆਪਣੇ ਮੁਲਕ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਮੋਦੀ ਸਰਕਾਰ ਦੀ ਹਰ ਧੱਕੇਸਾਹੀ ਦਾ ਟਾਕਰਾ ਪੂਰੀ ਹਿੰਮਤ ਅਤੇ ਹੋਸ਼ ਨਾਲ ਕਰੇਗਾ।

ਅੱਜ ਗੁਰਦਾਸਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਆਯੋਜਿਤ ਕੀਤੀ ਕਿਸਾਨ ਜਾਗਰੂਕਤਾ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਕਾਲੇ ਕਾਨੂੰਨ ਲਿਆਂਦੇ ਹਨ ਅਤੇ ਇੰਨਾਂ ਖਿਲਾਫ ਸਾਡੀ ਲੜਾਈ ਲੰਬੀ ਚੱਲੇਗੀ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਪੰਜਾਬ ਇਸ ਲੜਾਈ ਵਿਚ ਜਿੱਤ ਹਾਸਲ ਕਰੇਗਾ। ਉਨਾਂ ਨੇ ਇਸ ਮੌਕੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੇਂਦਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ ਵੀ ਕਰੇਗਾ ਇਸ ਲਈ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਵਿੱਢੇ ਇਸ ਸੰਘਰਸ਼ ਵਿਚ ਆਪਣਾ ਹੋਸ਼ ਨਹੀਂ ਗੁਆਉਣਾ ਅਤੇ ਪੂਰੀ ਸਮਝਦਾਰੀ ਨਾਲ ਆਪਣੀ ਲੜਾਈ ਲੜ ਕੇ ਜਿੱਤ ਦਰਜ ਕਰਨੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਸ਼ਕ ਕੇਂਦਰ ਸਰਕਾਰ ਦੇ ਇਹ ਕਾਨੂੰਨ ਕਿਸਾਨੀ ਦੇ ਵਜੂਦ ਲਈ ਵੱਡਾ ਖਤਰਾ ਹਨ ਪਰ ਇੰਨਾਂ ਦੇ ਅਸਿੱਧੇ ਤੌਰ ਤੇ ਅਸਰ ਸਮਾਜ ਦੇ ਹਰ ਵਰਗ ਤੇ ਪੈਣਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨ ਇੰਨਾਂ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਆਪਣੇ ਬਿੱਲ ਬਣਾਏ ਹਨ ਅਤੇ ਸੂਬਾ ਸਰਕਾਰ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।

ਸ੍ਰੀ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਪ੍ਰਚਾਰੇ ਜਾ ਰਹੇ ਝੂਠ ਨੂੰ ਬੇਨਕਾਬ ਕਰਦਿਆਂ ਕਿਹਾ ਕਿ ਕਿਸਾਨ ਤੇ ਤਾਂ ਪਹਿਲਾਂ ਵੀ ਆਪਣੀ ਫਸਲ ਕਿਤੇ ਵੀ ਵੇਚਣ ਤੇ ਕੋਈ ਰੋਕ ਨਹੀਂ ਸੀ। ਉਨਾਂ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਨੇ ਇਹ ਕਾਂਨੂੰਨ ਬਣਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਦੀ ਲੁੱਟ ਕਰਨ ਦੀ ਖੁਲੀ ਛੂੱਟੀ ਦੇ ਦਿੱਤੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਖਦਸਾ ਸੀ ਉਸੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿਹਾਤੀ ਵਿਕਾਸ ਫੰਡ ਤੋਂ ਮਿਲਦੇ 1050 ਕਰੋੜ ਰੁਪਏ ਰੋਕ ਕੇ ਆਪਣੀ ਮੰਨਸਾ ਸਿੱਧ ਕਰ ਦਿੱਤੀ ਹੈ ਕਿ ਭਾਜਪਾ ਸਰਕਾਰ ਪੰਜਾਬ ਦੀ ਆਰਥਿਕ ਨਾਕੇਬੰਦੀ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ 9500 ਕਰੋੜ ਰੁਪਏ ਦਾ ਜੀਐਸਟੀ ਦਾ ਹਿੱਸਾ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਇਸ ਮਾੜੇ ਵਕਤ ਦੀ ਨੀਂਹ ਅਕਾਲੀ ਦਲ ਭਾਜਪਾ ਦੀ ਪਿੱਛਲੀ ਸਰਕਾਰ ਰੱਖ ਗਈ ਸੀ ਜਿਸ ਨੇ ਅਨਾਜ ਖਰੀਦ ਵਿਚ ਕੀਤੇ ਗੋਲਮਾਲ ਦੇ 31 ਹਜਾਰ ਕਰੋੜ ਨੂੰ ਪੰਜਾਬ ਸਿਰ ਕਰਜਾ ਮੰਨ ਲਿਆ ਸੀ ਅਤੇ ਪੰਜਾਬ ਇਸ ਕਰਜ ਦੀਆਂ ਅਗਲੇ 20 ਸਾਲ ਹਰ ਸਾਲ 3200 ਕਰੋੜ ਰੁਪਏ ਦੀ ਦਰ ਨਾਲ ਕਿਸਤਾਂ ਤਾਰੇਗਾ। ਇਸੇ ਕਾਰਨ ਮੋਦੀ ਸਰਕਾਰ ਨੇ ਇਸ ਤਰਾਂ ਦੇ ਕਾਨੂੰਨ ਲਿਆਂਦੇ ਹਨ। ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨੇਤਾ ਅਸਤੀਫਾ ਦੇਣ ਨੂੰ ਹੀ ਕੁਰਬਾਨੀ ਆਖ ਕੇ ਕੁਰਬਾਨੀ ਸ਼ਬਦ ਦੇ ਅਰਥਾਂ ਦਾ ਹੀ ਅਨਰਥ ਕਰ ਰਹੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ, ਸ: ਬਲਵਿੰਦਰ ਸਿੰਘ ਲਾਡੀ, ਜ਼ਿਲਾ ਪ੍ਰਧਾਨ ਸ੍ਰੀ ਰੌਸ਼ਨ ਜੌਸਫ, ਪਠਾਨਕੋਟ ਦੇ ਜ਼ਿਲਾ ਪ੍ਰਧਾਨ ਸ੍ਰੀ ਸੰਜੀਵ ਬੈਂਸ, ਸਾਬਕਾ ਜ਼ਿਲਾ ਪ੍ਰਧਾਨ ਸ੍ਰੀ ਅਸ਼ੋਕ ਚੌਧਰੀ, ਗੁਰਦਾਸਪੁਰ ਪਲਾਨਿੰਗ ਬੋਰਡ ਦੇ ਚੇਅਰਮੈਨ ਡਾ: ਸਤਨਾਮ ਸਿੰਘ, ਪਠਾਨਕੋਟ ਜ਼ਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ੍ਰੀ ਅਨਿਲ ਮਹਾਜਨ ਨੇ ਵੀ ਸੰਬੋਧਨ ਕੀਤ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply