ਭਾਰਤ-ਪਾਕਿ ਸਰਹੱਦ ਨੇਡ਼ੇ ਸਥਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਖੇਤਰੀ ਕਾਲਜ ਚੜਿਆ ਸਿਆਸਤ ਦੀ ਭੇਂਟ


ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਰਕਾਰ ਦਲਿਤ ਤੇ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਬਿਹਤਰ ਸਿੱਖਿਆ ਸਹੂਲਤਾਂ ਮੁੱਹਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਇਸਦੇ ਜ਼ਮੀਨੀ ਪ੍ਰਭਾਵ ਨੂੰ ਵੇਖਿਆ ਜਾਵੇ ਤਾਂ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਵਸਨੀਕਾਂ ਦੀ ਹਾਲਤ ਕਿਸੇ ਤੋਂ ਗੁੱਝੀ ਨਹੀਂ। ਆਜ਼ਾਦੀ ਦੇ ਕਈ ਸਾਲ ਬੀਤ ਜਾਣ ਬਾਅਦ ਵੀ ਇਸ ਇਲਾਕੇ ਦੇ ਹਜ਼ਾਰਾਂ ਲੋਕ ਆਰਥਿਕ, ਸਮਾਜਿਕ ਤੇ ਸਭਿਆਚਾਰਕ ਮੰਦਹਾਲੀ ਦਾ ਸੰਤਾਪ ਭੋਗ ਰਹੇ ਹਨ। ਬੁਨਿਆਦੀ ਸਹੂਲਤਾਂ ਨੂੰ ਤਰਸਦੇ ਆ ਰਹੇ ਇਹਨਾਂ ਲੋਕਾਂ ਲਈ ਆਪਣੇ ਬੱਚਿਆਂ ਨੂੰ ਮਿਆਰੀ ਤੇ ਉੱਚੀ ਸਿੱਖਿਆ ਦਿਵਾਉਣਾ ਕਿਸੇ ਸੁਫ਼ਨੇ ਤੋਂ ਘੱਟ ਨਹੀਂ। ਸਾਲ 2014 ਵਿਚ ਜਦੋਂ ਪਿੰਡ ਦੋਦਵਾਂ ਵਿਚ ਆਈ ਕੇ ਗੁਜਰਾਲ ਪੰਜਾਬੀ ਟੈਕਨੀਕਲ ਯੂਨੀਵਰਸਿਟੀ ਨੇ ਅਪਣਾ ਰੀਜਨਲ ਕਾਲਜ ਖੋਲ੍ਹਿਆ ਤਾਂ ਇਹ ਕਿਸੇ ਸੁਪਨੇ ਦੇ ਸਾਕਾਰ ਹੋਣ ਵਾਂਗ ਹੀ ਸੀ।
ਪਰ ਇਸਦਾ ਬੇਹੱਦ ਅਫਸੋਸਨਾਕ ਪਹਿਲੂ ਇਹ ਰਿਹਾ ਕਿ ਇਹ ਵਿੱਦਿਆ ਦਾ ਮੰਦਿਰ ਵੀ ਛੇਤੀ ਹੀ ਸਿਆਸਤ ਦਾ ਸ਼ਿਕਾਰ ਹੋ ਗਿਆ ਅਤੇ ਇਸ ਵੇਲ੍ਹੇ ਆਖ਼ਰੀ ਸਾਹ ਲੈ ਰਿਹਾ

ਦੀਨਾਨਗਰ ਅਧੀਨ  ਪੱਛੜੇ ਤੇ ਗਰੀਬ ਸਰਹੱਦੀ ਲੋਕਾਂ ਨੂੰ  ਪੀਟੀਯੂ ਦੇ ਦੋਦਵਾਂ ਕੈੰਪਸ ਦੇ ਰੂਪ ਵਿੱਚ 2014 ਨੂੰ ਜੋ ਵਿੱਦਿਅਕ ਸੌਗਾਤ ਮਿਲੀ ਉਸਦਾ ਵੱਡਾ ਸਿਹਰਾ ਉਸ ਵੇਲ੍ਹੇ ਦੇ ਸਾਂਸਦ ਵਿਨੋਦ ਖੰਨਾ ਨੂੰ ਦਿੱਤਾ ਜਾਂਦਾ ਹੈ। ਭਾਜਪਾ ਆਗੂਆਂ ਦੀ ਮੰਨੀਏ ਤਾਂ ਵਿਨੋਦ ਖੰਨਾ ਦੀ ਸਿਫਾਰਿਸ਼ ਅਤੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਇਸਨੂੰ ਮਨਜ਼ੂਰੀ ਦਿੱਤੀ। ਖੰਨਾ ਨੇ 2014 ਵਿਚ 13 ਏਕੜ ਰਕਬੇ ਵਿਚ ਉਸਾਰੀ ਸ਼ਾਨਦਾਰ ਇਮਾਰਤ ਵਿੱਚ ਉਕਤ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਪਰ  ਹਲਕੇ ਨਾਲ ਸਬੰਧਿਤ ਮੌਜੂਦਾ ਕਾਂਗਰਸ ਮੰਤਰੀ ਅਰੁਣਾ ਚੌਧਰੀ ਇਸਨੂੰ ਸਵਰਗੀ ਸਾਂਸਦ ਸੁੱਖਬੰਸ ਕੌਰ ਭਿੰਡਰ ਦੀ ਦੇਣ ਦੱਸਦੇ ਹਨ। ਖ਼ੈਰ,ਇੱਥੇ ਬੀਟੈਕ ਅਤੇ ਬੀਸੀਏ ਦੇ ਕੋਰਸ ਸ਼ੁਰੂ ਕੀਤੇ ਗਏ। ਹਲਕੇ ਵਿੱਚ ਪਹਿਲੇ ਸਰਕਾਰੀ ਕਾਲਜ ਦੇ ਖੁੱਲਣ ਨਾਲ ਇਲਾਕੇ ਦੀਆਂ ਉਂਨ੍ਹਾਂ ਗ਼ਰੀਬ ਕੁੜੀਆਂ ਨੇ ਵੀ ਇਹ ਕੋਰਸਾਂ ਵਿਚ ਦਾਖ਼ਲਾ ਲਿਆ ਜੋ ਮਹਿੰਗੇ ਨਿੱਜੀ ਕਾਲਜਾਂ ਵਿੱਚ ਲੰਬਾ ਸਫ਼ਰ ਤੈਅ ਕਰਕੇ ਪੜ੍ਹਨ ਬਾਰੇ ਸੋਚ ਵੀ ਨਹੀਂ ਸਕਦੀਆਂ ਸਨ। ਸੈਂਕੜੇ ਕੁੜੀਆਂ ਨੇ ਡਿਗਰੀ ਹਾਸਿਲ ਕੀਤੀ। ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਲ 2016 ਵਿਚ ਇਸਨੂੰ ਕੋ-ਐਡ ਕਰ ਦਿੱਤਾ ਗਿਆ ਅਤੇ ਹੁਣ ਸਰਹੱਦੀ ਮੁੰਡੇ ਵੀ ਇੱਥੇ ਪੜ੍ਹਨ ਲੱਗੇ। ਸਭ ਕੁੱਝ ਠੀਕ ਚੱਲ ਰਿਹਾ ਸੀ ਪਰ ਸਾਲ 2017 ਵਿੱਚ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਦਾ 10 ਸਾਲ ਦਾ ਸਾਸ਼ਨ ਖ਼ਤਮ ਹੋਣ ਅਤੇ ਕਾਂਗਰਸ ਸਰਕਾਰ ਦੀ ਤਾਜਪੋਸ਼ੀ ਨਾਲ ਹੀ  ਸਰਹੱਦੀ ਪੱਟੀ ਤੇ ਚੱਲ ਰਹੇ ਇਸ ਡਿਗਰੀ ਕਾਲਜ ਦੇ ਮਾੜੇ ਦਿਨ ਵੀ ਸ਼ੁਰੂ ਹੋ ਗਏ। ਅੱਜ ਇਹ ਕਾਲਜ ਬੰਦੀ  ਦੀ ਕਗਾਰ ਤੇ ਪਹੁੰਚ ਗਿਆ ਹੈ।ਸਾਲ 2017 ਤੋਂ ਬਾਅਦ ਇਸਦੀ ਹਾਲਤ ਖਰਾਬ ਹੋ ਗਈ । 2016 ਤੱਕ ਜਿੱਥੇ ਇਸ ਕਾਲਜ ਵਿਚ ਕਰੀਬ ਸਾਰੀਆਂ ਸੀਟਾਂ ਭਰ ਗਈਆਂ ਅਤੇ ਬੱਚਿਆਂ ਦੀ ਗਿਣਤੀ 200 ਤੱਕ ਪਹੁੰਚ ਗਈ ਉੱਥੇ ਅਚਾਨਕ ਇਸਦਾ ਹੈਰਾਨੀਜਨਕ ਤੇ ਦੁਖਦਾਈ ਸਫ਼ਰ ਸ਼ੁਰੂ ਹੋਇਆ।  31 ਮਾਰਚ 2017 ਨੂੰ ਅਕਾਦਮਿਕ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ। ਬੱਚੇ ਮਨਪਸੰਦ ਕੋਰਸ ਵਿਚ ਦਾਖ਼ਲਾ ਲੈਣ ਦੀ ਤਿਆਰੀ ਕਰ ਹੀ ਰਹੇ ਸਨ ਕਿ 31 ਮਈ 2017 ਨੂੰ ਇਸਨੂੰ ਨੋ-ਐਡਮਿਸ਼ਨ ਜ਼ੋਨ ਵਿਚ ਪਾ ਦਿੱਤਾ ਜਾਂਦਾ ਹੈ। ਸਾਲ 2018 ਵਿਚ ਤਾਂ ਇਸ ਕਾਲਜ ਵਾਸਤੇ ਐਡਮਿਸ਼ਨ ਦਾ ਕੋਈ ਨੋਟੀਫਿਕੇਸ਼ਨ ਹੀ ਨਹੀਂ ਕੱਢਿਆ ਗਿਆ।

ਇਸੇ ਤਰ੍ਹਾਂ 25 ਜਨਵਰੀ 2019  ਨੂੰ ਨਵੇਂ ਅਕਾਦਮਿਕ ਵਰ੍ਹੇ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ ਪਰ 29 ਮਾਰਚ 2019 ਨੂੰ ਦੋਦਵਾਂ ਕੈੰਪਸ ਨੂੰ ਮੁੜ ਨੋ-ਐਡਮਿਸ਼ਨ ਜ਼ੋਨ ਵਿਚ ਪਾ ਦਿੱਤਾ ਗਿਆ। ਇਸ ਤਰ੍ਹਾਂ ਸਰਹੱਦ ਨੇੜਲੇ ਪਿੰਡਾਂ ਦੀਆਂ ਧੀਆਂ ਤੇ ਨੌਜਵਾਨ ਸਸਤੀ ਤੇ ਮਿਆਰੀ ਸਿਖਿਆ ਹਾਸਿਲ ਕਰਨ ਤੋਂ ਲਗਾਤਾਰ ਵਾਂਝੇ ਹੋ ਗਏ ।
ਦੋਦਵਾਂ ਦੇ ਡਿਗਰੀ ਕਾਲਜ ਦਾ ਗਲ਼ ਘੁੱਟਣ ਦੀਆਂ ਸੰਭਾਵਨਾਵਾਂ ਸਾਫ਼ ਨਜ਼ਰ ਆਉਂਦਿਆਂ ਹੀ ਇਸ ਮੁੱਦੇ ਤੇ ਸਿਆਸੀ ਅਖਾੜਾ ਭਖ਼ ਗਿਆ ਜੋ ਅੱਜ ਤਕ ਜਾਰੀ ਹੈ। ਸਾਂਸਦ ਸੰਨੀ ਦਿਓਲ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ 3-3 ਵਾਰ ਪੰਜਾਬ ਦੇ ਗਵਰਨਰ, ਮੁੱਖ ਮੰਤਰੀ ਅਤੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਡਿਗਰੀ ਕਾਲਜ ਬੰਦ ਨਾ ਕਰਨ ਦੀ ਬੇਨਤੀ ਕੀਤੀ। ਬੱਚਿਆਂ ਦੀ ਗਿਣਤੀ ਵਧਾਉਣ ਲਈ ਇੱਥੇ ਬੀਸੀਏ ਐਗਰੀਕਲਚਰ, ਬੀਬੀਏ, ਐਮਐਸਸੀ ਆਈਟੀ, ਬੀਕਾਮ ਵਰਗੇ ਹੋਰ ਕੋਰਸ ਸ਼ੁਰੂ ਕਰਨ ਦੀ ਫਰਿਆਦ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਦੂਜੇ ਪਾਸੇ ਪੰਜਾਬ ਦੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਜੋ ਇਸ ਦੀਨਾਨਗਰ ਹਲਕੇ ਦੀ ਵਿਧਾਇਕ ਵੀ ਹਨ, ਨੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਨੂੰ ਪੱਤਰ ਲਿਖਕੇ ਸਿਫਾਰਿਸ਼ ਕੀਤੀ ਕਿ ਇਸ ਸਰਕਾਰੀ ਇੰਜੀਨੀਅਰਿੰਗ ਕਾਲਜ ਨੂੰ ਬੰਦ ਨਾ ਕੀਤਾ ਜਾਵੇ ਅਤੇ ਜੇਕਰ ਬੰਦ ਕਰਨਾ ਜ਼ਰੂਰੀ ਹੈ ਤਾਂ ਇਸਨੂੰ ਘਟੋ ਘੱਟ ਆਈ ਟੀ ਆਈ ਵਿਚ ਤਬਦੀਲ ਕਰ ਦਿੱਤਾ ਜਾਵੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਨੂੰ ਪੱਤਰ ਲਿਖ ਕੇ ਕਾਲਜ ਬੰਦ ਨਾ ਕਰਨ ਦੀ ਬੇਨਤੀ ਕੀਤੀ। ਇੱਥੇ ਦੱਸਣਯੋਗ ਹੈ ਕਿ ਕਾਲਜ ਨੂੰ ਬੰਦ ਕਰਨ ਦੀ ਵਜ੍ਹਾ ਇੱਥੇ ਬੱਚਿਆਂ ਦਾ ਦਾਖ਼ਲਾ ਬਹੁਤ ਘੱਟ ਹੋਣਾ ਦੱਸਿਆ ਜ਼ਾ ਰਿਹਾ ਹੈ ਜਦੋਂ ਕਿ ਸਰਹੱਦੀ ਲੋਕ ਅਤੇ ਭਾਜਪਾ ਤੇ ਆਪ ਇਸ ਨੂੰ ਵੀ ਇਕ ਸਾਜਿਸ਼ ਦਾ ਹਿੱਸਾ ਹੀ ਦੱਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਜਾਣਬੁਝ ਕੇ ਦਾਖ਼ਲਾ ਘਟਾਇਆ ਗਿਆ, ਤਾਂ ਜੋ ਵਿਨੋਦ ਖੰਨਾ ਦੀ ਨਿਸ਼ਾਨੀ ਨੂੰ ਬੰਦ ਕਰਨ ਦੀ ਜ਼ਮੀਨ ਤਿਆਰ ਕੀਤੀ ਜਾ ਸਕੇ ਕਿਓਂਕਿ ਇਸ ਕਾਰਨ ਚੋਣਾਂ  ਵਿਚ ਅਜੇ ਵੀ ਭਾਜਪਾ ਨੂੰ ਫਾਇਦਾ ਮਿਲਦਾ ਹੈ। ਹਾਲਾਂਕਿ ਸਥਾਨਕ ਮੰਤਰੀ ਅਰੁਣਾ ਚੌਧਰੀ ਵਿਰੋਧੀਆਂ ਦੇ ਇੰਨਾਂ ਦੋਸ਼ਾਂ ਨੂੰ ਲਗਾਤਾਰ ਨਕਾਰਦੇ ਰਹੇ ਹਨ।

ਉਕਤ ਕਾਲਜ ਨੂੰ ਬੰਦ ਕਰਨ ਦੀ ਸਰਕਾਰ ਦੀ ਮਨਸ਼ਾ ਨੂੰ ਵੇਖਦਿਆਂ ਜਿੱਥੇ ਸਰਹੱਦੀ ਪੱਟੀ ਦੇ ਕੋਈ ਇਕ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਇਕਜੁਟ ਹੋ ਕੇ ਯੂਨੀਵਰਸਿਟੀ ਦੇ ਉਪਕੁਲਪਤੀ ਨੂੰ ਪੱਤਰ ਲਿਖ ਕੇ ਇਸਨੂੰ ਬੰਦ ਨਾ ਕਰਨ ਅਤੇ ਇਸ ਵਿਚ ਨਵੇਂ ਕੋਰਸ ਸ਼ੁਰੂ ਕਰਨ ਦੀ ਗੁਹਾਰ ਲਗਾਈ ਹੈ। ਇਸ ਤੋਂ ਇਲਾਵਾ ਭਾਜਪਾ ਲੀਡਰਸ਼ਿਪ ਨੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੀ ਦੀਨਾਨਗਰ ਸਥਿਤ ਰਿਹਾਇਸ਼ ਦੇ ਬਾਹਰ ਪਿਛਲੇ 45 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।ਅਰੁਣਾ ਚੋਧਰੀ ਕੇਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਭਾਜਪਾ ਵੱਲੋਂ ਇਸਨੂੰ ਬਿਨਾ ਵਜ੍ਹਾ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply