ਜ਼ਿਲ੍ਹਾ ਮੈਜਿਸਟ੍ਰੇਟ ਨੇ ਕਰਫਿਊ ਵਿੱਚ ਛੋਟ ਸਬੰਧੀ ਵੇਰਵੇ ਦਿੰਦਿਆਂ ਹੋਇਆ ਕੁਝ ਗਤੀਵਿਧੀਆਂ/ਸੰਸਥਾਵਾਂ ਨੂੰ ਕੋਵਿਡ ਪਾਬੰਦੀਆਂ ਤੋਂ ਮੁਕਤ ਰੱਖਿਆ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸ਼ਰਤਾਂ ਸਹਿਤ 50 ਫੀਸਦੀ ਸਮਰੱਥਾ ਦੇ ਨਾਲ ਰੈਸਟੋਰੈਂਟ, ਸਿਨੇਮਾ, ਜਿੰਮ ਆਦਿ ਖੋਲ੍ਹਣ ਦੀ ਦਿੱਤੀ ਗਈ ਛੋਟ
ਵਿਆਹ/ਸਸਕਾਰ ਦੇ ਮੌਕੇ ’ਤੇ 50 ਵਿਅਕਤੀਆਂ ਤੱਕ ਇਕੱਠ ਹੋਣ ਦੀ ਦਿੱਤੀ ਆਗਿਆ, ਬਾਰ/ਕਲੱਬ/ਅਹਾਤੇ ਅਜੇ ਬੰਦ ਹੀ ਰਹਿਣਗੇ
ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ, ਹਫ਼ਤਾਵਰੀ ਕਰਫਿਊ ਸ਼ਨੀਵਾਰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲੱਗੇਗਾ
ਹੁਸ਼ਿਆਰਪੁਰ, 16 ਜੂਨ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ 25 ਜੂਨ ਤੱਕ ਜ਼ਿਲ੍ਹੇ ਦੇ ਹੋਟਲਾਂ ਸਹਿਤ ਸਾਰੇ ਰੈਸਟੋਰੈਂਟ, ਕੈਫੇ, ਕਾਫੀ ਸ਼ਾਪ, ਫਾਸਟ ਫੂਡ ਆਊਟਲੈਟਸ, ਢਾਬਾ ਅਤੇ ਹੋਰ ਖਾਣ ਪੀਣ ਵਾਲੇ ਸਥਾਨਾਂ ਤੋਂ ਇਲਾਵਾ ਸਿਨੇਮਾ, ਜਿੰਮ, ਮਿਊਜੀਅਮ ਨੂੰ 50 ਫੀਸਦੀ ਸਮਰੱਥਾ ਦੇ ਨਾਲ ਖੋਲ੍ਹਣ ’ਤੇ ਛੋਟ ਦੇ ਹੁਕਮ ਦਿੱਤੇ ਹਨ, ਬਸ਼ਰਤੇ ਇਨ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਕੋਵਿਡ ਵੈਕਸੀਨੇਸ਼ਨ ਦਾ ਘੱਟ ਤੋਂ ਘੱਟ ਇਕ ਟੀਕਾ ਲੱਗਿਆ ਹੋਵੇੇ। ਗੈਰ ਏ.ਸੀ. ਬੱਸਾਂ ਸਮਰੱਥਾ ਦੇ ਅਨੁਸਾਰ ਚੱਲ ਸਕਦੀਆਂ ਹਨ ਜਦਕਿ ਏ.ਸੀ. ਬੱਸਾਂ 50 ਫੀਸਦੀ ਸਮਰੱਥਾ ਦੇ ਨਾਲ ਚਲਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵਿਆਹ ਅਤੇ ਸਸਕਾਰ ਸਹਿਤ ਵਿਅਕਤੀਆਂ ਦੇ ਇਕੱਠ ਹੋਣ ਦੀ ਸੰਖਿਆ ਵਧਾਉਂਦੇ ਹੋਏ 50 ਤੱਕ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਰ, ਪਬ ਅਤੇ ਅਹਾਤੇ ਅਜੇ ਬੰਦ ਰਹਿਣਗੇ। ਸਾਰੇ ਵਿਦਿਅਕ ਅਦਾਰੇ ਜਿਵੇਂ ਕਿ ਸਕੂਲ, ਕਾਲਜ ਵੀ ਅਜੇ ਬੰਦ ਰਹਿਣਗੇ।
ਜਾਰੀ ਨਵੀਆਂ ਹਦਾਇਤਾਂ ਵਿੱਚ ਉਨ੍ਹਾਂ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਅਤੇ ਹਫ਼ਤਾਵਰੀ ਕਰਫਿਊ ਸ਼ਨੀਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਕਰਨ ਦੇ ਲਈ ਕਿਹਾ, ਜਦਕਿ ਛੋਟ ਵਾਲੀਆਂ ਗਤੀਵਿਧੀਆਂ ਸਹਿਤ ਜ਼ਰੂਰੀ ਵਸਤੂਆਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਦੀਆਂ ਬੰਦਿਸ਼ਾਂ ਤੋਂ ਛੋਟ ਰਹੇਗੀ। ਉਨ੍ਹਾਂ ਕਿਹਾ ਕਿ ਗੈਰ ਜ਼ਰੂਰੀ ਦੁਕਾਨਾਂ ਅਤੇ ਹੋਲਸੇਲ, ਰਿਟੇਲ ਸ਼ਰਾਬ ਦੇ ਠੇਕੇ ਰਾਤ ਅੱਠ ਵਜੇ ਤੱਕ ਖੋਲ੍ਹੇ ਜਾ ਸਕਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਰਫਿਊ ਵਿੱਚ ਛੋਟ ਸਬੰਧੀ ਵੇਰਵੇ ਦਿੰਦਿਆਂ ਹੋਇਆ ਕੁਝ ਗਤੀਵਿਧੀਆਂ/ਸੰਸਥਾਵਾਂ ਨੂੰ ਕੋਵਿਡ ਪਾਬੰਦੀਆਂ ਤੋਂ ਮੁਕਤ ਰੱਖਿਆ ਹੈ, ਬਸ਼ਰਤੇ ਕਿ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਸ ਸੰਸਥਾਵਾਂ ਵਿੱਚ ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਜਨਤਕ ਅਤੇ ਨਿੱਜੀ ਖੇਤਰ ਵਿੱਚ ਸਾਰੀਆਂ ਸੰਸਥਾਵਾਂ ਜੋ ਕਿ ਸਾਰੇ ਦਵਾਈਆਂ ਅਤੇ ਮੈਡੀਕਲ ਯੰਤਰਾਂ ਦੇ ਉਤਪਾਦਨ ਅਤੇ ਸਪਲਾਈ ਨਾਲ ਸਬੰਧਤ ਹੋਵੇ, ਇਸ ਵਿੱਚ ਉਤਪਾਦਨ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਂਸਰੀਆਂ, ਕੈਮੀਸਟ ਅਤੇ ਫਾਰਮੇਸੀ (ਜਨ ਔਸ਼ਦੀ ਕੇਂਦਰ ਸਹਿਤ) ਲੈਬੋਰਟਰੀਆਂ, ਫਾਰਮਸਯੂਟੀਕਲ, ਖੋਜ ਲੈਬੋਰਟਰੀਆਂ, ਕਲੀਨਿਕ, ਨਰਸਿੰਗ ਹੋਮ ਅਤੇ ਐਂਬੂਲੈਂਸ ਆਦਿ ਸ਼ਾਮਲ ਹੋਣਗੇ। ਇਨ੍ਹਾਂ ਸੰਸਥਾਵਾਂ ਦੇ ਸਮੂਹ ਕਰਮਚਾਰੀਆਂ ਨੂੰ ਪਹਿਚਾਣ ਪੱਤਰ ਪੇਸ਼ ਕਰਨ ਦੇ ਉਪਰੰਤ ਆਉਣ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ ਜਿਵੇਂ ਕਿ ਦੁੱਧ, ਡੇਅਰੀ, ਅਤੇ ਪੋਲਟਰੀ ਉਤਪਾਦਨਾਂ ਜਿਵੇਂ ਕਿ ਬ੍ਰੈਡ, ਅੰਡੇ, ਮੀਟ ਆਦਿ ਅਤੇ ਸਬਜੀਆਂ, ਫਲਾਂ ਨਾਲ ਸਬੰਧਤ ਦੁਕਾਨਾਂ, ਉਦਯੋਗਿਕ ਸਮਾਨ ਜਿਵੇਂ ਕਿ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਸੰਸਥਾਵਾਂ, ਬਚੌਲਿਆਂ ਤੋਂ ਇਲਾਵਾ ਆਯਾਤ ਅਤੇ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਦੁਕਾਨਾਂ/ਸੰਸਥਾਵਾਂ, ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ/ਸੰਸਥਾਵਾਂ ਜਿਵੇਂ ਕਿ ਮੱਛੀ, ਮੀਟ ਅਤੇ ਇਸ ਦੇ ਉਤਪਾਦ ਜਿਸ ਵਿੱਚ ਮੱਛੀ ਦੇ ਦਾਣਿਆਂ ਦੀ ਸਪਲਾਈ ਸ਼ਾਮਲ ਹੈ ਨੂੰ ਛੋਟ ਹੈ।  
ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਕਿਹਾ ਕਿ ਸਫਰ ਦੇ ਕਾਗਜਾਤ ਪੇਸ਼ ਕੀਤੇ ਜਾਣ ਉਪਰੰਤ ਹਵਾਈ, ਰੇਲ-ਗੱਡੀਆਂ ਅਤੇ ਬੱਸਾਂ ਦੁਆਰਾ ਯਾਤਰਾ ਕਰਨ ਵਾਲੇ ਵਿਅਕਤੀਆਂ ਦਾ ਆਉਣ ਜਾਣ ਤੋਂ ਇਲਾਵਾ ਸੂਬੇ ਵਿੱਚ ਅਤੇ ਸੂਬੇ ਤੋਂ ਬਾਹਰ ਜ਼ਰੂਰੀ ਤੇ ਗੈਰ ਜ਼ਰੂਰੀ ਵਸਤੂਆਂ ਲੈ ਜਾਣ ਵਾਲੇ ਵਾਹਨਾਂ/ਵਿਅਕਤੀਆਂ ਦੇ ਆਉਣ ਜਾਣ, ਸਾਰੀਆਂ ਜ਼ਰੂਰੀ ਵਸਤਾਂ ਲੈ ਜਾਣ ਵਾਲੇ ਜਿਵੇਂ ਕਿ ਭੋਜਨ, ਫਾਰਮਾਸਯੂਟੀਕਲ ਅਤੇ ਮੈਡੀਕਲ ਉਪਕਰਨ ਆਦਿ ਨੂੰ ਈ-ਕਾਮਰਸ ਦੁਆਰਾ ਪਹੁੰਚਾਉਣ, ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਨਿਰਮਾਣ ਗਤੀਵਿਧੀਆਂ, ਖੇਤੀਬਾੜੀ ਜਿਸ ਵਿੱਚ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਸ਼ਾਮਲ ਨੂੰ ਕਰਫਿਊ ਦੌਰਾਨ ਛੋਟ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੀਕਾਕਰਨ ਕੈਂਪ, ਉਤਪਾਦਨ ਉਦਯੋਗ, ਵਪਾਰਕ ਅਤੇ ਨਿੱਜੀ ਸੰਸਥਾਵਾਂ ਦੀਆਂ ਗਤੀਵਿਧੀਆਂ, ਸਾਰੇ ਖੇਤਰਾਂ ਦੇ ਕਰਮਚਾਰੀਆਂ/ਵਰਕਰਾਂ ਦੇ ਆਉਣ ਜਾਣ ਅਤੇ ਉਨ੍ਹਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਉਨ੍ਹਾਂ ਦੇ ਮਾਲਕਾਂ ਤੋਂ ਲੋੜੀਂਦੀ ਆਗਿਆ ਪੱਤਰ ਦਿਖਾਏ ਜਾਣ ਉਪਰੰਤ ਆਉਣ ਜਾਣ ਦੀ ਵੀ ਛੋਟ ਰਹੇਗੀ।
ਅਪਨੀਤ ਰਿਆਤ ਨੇ ਕਿਹਾ ਕਿ ਟੈਲੀਕਮਿਊਨਿਕੇਸ਼ਨ, ਇੰਟਰਨੈਟ ਸੇਵਾਵਾਂ, ਪ੍ਰਸਾਰਣ ਅਤੇ ਕੇਬਲ ਸੇਵਾਵਾਂ ਤੋਂ ਇਲਾਵਾ ਆਈ.ਟੀ. ਅਤੇ ਇਸ ਦੀ ਮਦਦ ਨਾਲ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ, ਈ-ਕਮਰਸ ਦੁਆਰਾ ਭੋਜਨ, ਫਾਰਮਾਸਯੂਟੀਕਲ ਅਤੇ ਮੈਡੀਕਲ ਉਪਕਰਣ ਆਦਿ ਸਮੂਹ ਜ਼ਰੂਰੀ ਵਸਤੂਆਂ ਪਹੁੰਚਾਉਣਾ, ਪੈਟਰੋਲ ਪੰਪ ਅਤੇ  ਪੈਟਰੋਲੀਅਮ ਉਤਪਾਦ, ਐਲ.ਪੀ.ਜੀ, ਪੈਟਰੋਲੀਅਮ ਅਤੇ ਗੈਸ ਦੇ ਪਰਚੂਨ ਅਤੇ ਸਟੋਰੇਜ ਆਊਟਲੈਟ, ਕੋਇਲਾ, ਜਲਾਊ ਲੱਕੜੀ ਅਤੇ ਈਧਨ, ਬਿਜਲੀ ਉਤਪਾਦਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਭੰਡਾਰਨ ਸੇਵਾਵਾਂ, ਨਿੱਜੀ ਸੁਰੱਖਿਆ ਸੇਵਾਵਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤਾਂ ਵਿੱਚ ਕਿਸਾਨੀ ਸਬੰਧੀ ਗਤੀਵਿਧੀਆਂ, ਸਾਰੀਆਂ ਬੈਂਕਿੰਗ/ਆਰ.ਬੀ.ਆਈ ਸੇਵਾਵਾਂ, ਈ.ਟੀ.ਐਮ, ਕੈਸ਼ ਵੈਨ ਅਤੇ ਨਕਦੀ ਦੇ ਪ੍ਰਬੰਧਨ/ਵੰਡ ਨਾਲ ਸਬੰਧਤ ਸੇਵਾਵਾਂ ਨੂੰ ਕਰਫਿਊ ਦੇ ਦੌਰਾਨ ਛੋਟ ਰਹੇਗੀ। ਉਨ੍ਹਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਸਮਾਜਿਕ ਦੂਰੀ, ਮਾਸਕ ਪਹਿਨਣ ਆਦਿ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਬਾ ਸਰਕਾਰ ਦੁਆਰਾ ਜਾਰੀ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply