ਜਿਲ੍ਹਾ ਪਠਾਨਕੋਟ ਦੇ 22 ਸੀਨੀਅਰ ਸੈਕੰਡਰੀ ਸਕੂਲਾਂ ਦੇ 2467 ਵਿਦਿਆਰਥੀਆਂ ਨੂੰ ਸਮਾਰਟ ਮੋਬਾਈਲ ਫੋਨ ਵੰਡੇ


ਪਠਾਨਕੋਟ 19 ਦਸੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲ ਸਿੱਖਿਆ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਯਤਨਾਂ ਤਹਿਤ ਅੱਜ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਦੂਸਰੀ ਮੁਹਿੰਮ ਅੱਜ ਨੇਪਰੇ ਚੜ੍ਹ ਗਈ ਹੈ। ਜਿਸ ਤਹਿਤ ਅੱਜ ਜਿਲ੍ਹੇ ਦੇ ਵੱਖ-ਵੱਖ 22 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 2467 ਵਿਦਿਆਰਥੀਆਂ ਨੂੰ  ਸਮਾਰਟ ਫੋਨ ਵੰਡੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਭੂਰ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਕਾਂਗਰਸੀ ਆਗੂ ਸ੍ਰੀ ਆਸੀਸ ਵਿੱਜ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਰਿੰਦਰ ਸਿੰਘ ਨੇ ਸਮਾਰਟ ਫੋਨ ਵੰਡਣ ਦੀ ਰਸਮ ਅਦਾ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਅਤੇ ਸਕੂਲਾਂ ‘ਚ ਵੀ ਵਿਦਿਆਰਥੀਆਂ ਨੂੰ ਫੋਨ ਪ੍ਰਦਾਨ ਕੀਤੇ ਗਏ।


ਇਸ ਮੌਕੇ ਆਪਣੇ ਸੰਬੋਧਨ ‘ਚ ਮੁੱਖ ਮਹਿਮਾਨ  ਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸ੍ਰੀ ਆਸੀਸ ਵਿਜ ਨੇ ਕਿਹਾ ਕਿ ਜਿਲ੍ਹੇ ‘ਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਿਲ ਕਰਨ ‘ਚ ਸੌਖ ਪ੍ਰਦਾਨ ਕਰਨ ਦੇ ਮਨਸੂਬੇ ਨਾਲ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ। ਜਿਸ ਸਦਕਾ ਸਰਕਾਰੀ ਸਕੂਲਾਂ ਦੇ ਬੱਚਿਆਂ ਹੋਰ ਵਧੀਆ ਨਤੀਜੇ ਦੇਣ ਦੇ ਸਮਰੱਥ ਬਣਨਗੇ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਸਦਕਾ 154 ਸਕੂਲ ਸਮਾਰਟ ਬਣ ਚੁੱਕੇ ਹਨ। ਸਕੂਲਾਂ ਨੂੰ ਸਮਾਰਟ ਰੰਗਤ ਦੇਣ ਲਈ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਨੂੰ ਹੁਣ ਤੱਕ 500 ਪ੍ਰੋਜੈਕਟਰ ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਸਕੂਲਾਂ ‘ਚ ਸਮਾਰਟ ਕਲਾਸ ਰੂਮਜ਼ ਬਣਾਉਣ ਲਈ ਵੱਡੇ ਪੱਧਰ ‘ਤੇ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਨੇ ਕਿਹਾ ਕਿ ਜਿਲ੍ਹੇ ਦੇ ਸਕੂਲਾਂ ਦੀ ਬਦਲੀ ਨੁਹਾਰ ਨੂੰ ਦੇਖਦੇ ਹੋਏ ਇਸ ਸ਼ੈਸ਼ਨ ਦੌਰਾਨ ਬੱਚਿਆਂ ਦੀ ਗਿਣਤੀ ‘ਚ 15 ਫੀਸਦੀ ਵਾਧਾ ਹੋਇਆ ਹੈ। ਜਿਸ ਤੋਂ ਪ੍ਰਤੱਖ ਰੂਪ ‘ਚ ਪਤਾ ਲੱਗਦਾ ਹੈ ਕਿ ਰਾਜ ਦੇ ਸਰਕਾਰੀ ਸਕੂਲ ਹਰ ਪੱਖੋਂ ਸਮੇਂ ਦੇ ਹਾਣ ਦੇ ਹੋ ਚੁੱਕੇ ਹਨ ਅਤੇ ਮਾਪਿਆਂ ਨੂੂੰ ਆਕਰਸ਼ਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਸਕੂਲ ਸਿੱਖਿਆ ਦੇ ਮਿਆਰੀਕਰਨ ਲਈ ਵੱਡੇ ਪੱਧਰ ‘ਤੇ ਸਮਾਰਟ ਸਕੂਲ ਮੁਹਿੰਮ ਸਮੇਤ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਸਫਲਤਾਪੂਰਵਕ ਚਲਾਈਆਂ ਹਨ।

ਜਿਸ ਤੋਂ ਪ੍ਰੇਰਿਤ ਹੋ ਕੇ ਹੀ ਕੇਂਦਰ ਸਰਕਾਰ ਨੇ ਵੀ ਨਵੀਂ ਸਿੱਖਿਆ ਨੀਤੀ ‘ਚ ਪ੍ਰੀ-ਪ੍ਰਾਇਮਰੀ ਵਰਗੇ ਪ੍ਰੋਜੈਕਟ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਿੱਖਿਆ ਤਿੰਨ ਵਰੇ੍ਹ ਪਹਿਲਾ ਆਰੰਭ ਹੋ ਚੁੱਕੀ ਹੈ ਅਤੇ ਤਿੰਨ ਲੱਖ ਤੋਂ ਵਧੇਰੇ ਵਿਦਿਆਰਥੀ ਇਸ ਦਾ ਲਾਭ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਦੀਕਸਾ ਨੇ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਸੰਕਟ ਦੌਰਾਨ ਆਨਲਾਈਨ ਪੜ੍ਹਾਈ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਆਪਣੇ ਪਿਤਾ ਕੋਲ ਹੀ ਘਰ ‘ਚ ਇਕਲੌਤਾ ਫੋਨ ਹੋਣ ਕਰਕੇ, ਸ਼ਾਮ ਤੱਕ ਉਡੀਕ ਕਰਨੀ ਪੈਂਦੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਸਮਾਰਟ ਫੋਨ ਪ੍ਰਦਾਨ ਕਰਕੇ, ਵਿਦਿਆਰਥੀਆਂ ਨੂੰ ਸਲਾਨਾ ਇਮਤਿਹਾਨ ਨੇੜੇ ਆਉਣ ‘ਤੇ ਬਿਹਤਰ ਤਰੀਕੇ ਨਾਲ ਪੜ੍ਹਾਈ ਕਰਨ ਦਾ ਰਸਤਾ ਖੋਲ੍ਹ ਦਿੱਤਾ ਹੈ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜੇਸਵਰ ਸਲਾਰੀਆ, ਪਿ੍ਰੰਸੀਪਲ ਸਵਤੰਤਰ ਕੁਮਾਰ, ਪਿ੍ਰੰਸੀਪਲ ਹਰਿੰਦਰ ਸਿੰਘ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਕਮਲ ਕਿਸੋਰ, ਰਮੇਸ ਸਰਮਾ, ਪਵਨ ਸੈਹਰਿਆ, ਦੇਸ ਰਾਜ ਸਰਪੰਚ, ਚਰਨ ਸਿੰਘ, ਬਲਵਿੰਦਰ ਲਾਡੀ, ਨਰਿੰਦਰ ਕੁਮਾਰ ਸਾਬਕਾ ਸਰਪੰਚ ਜਿੰਦੜੀ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply