LATEST : ਮੁੱਖ ਮੰਤਰੀ ਵਲੋਂ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ 10 ਲੱਖ ਦੀ ਗਰਾਂਟ ਦਾ ਐਲਾਨ ਸ਼ਲਾਘਾਯੋਗ- ਸੁੰਦਰ ਸ਼ਾਮ ਅਰੋੜਾ, ਲੋਕ ਟੀਕਾਕਰਨ ਲਈ ਅੱਗੇ ਆਉਣ : ਡਾ. ਚੱਬੇਵਾਲ

ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ’ਚ ਕੋਰੋਨਾ ’ਤੇ ਪਾਈ ਜਾਵੇਗੀ ਫਤਿਹ : ਸੁੰਦਰ ਸ਼ਾਮ ਅਰੋੜਾ
ਮੁੱਖ ਮੰਤਰੀ ਵਲੋਂ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ 10 ਲੱਖ ਦੀ ਗਰਾਂਟ ਦਾ ਐਲਾਨ ਸ਼ਲਾਘਾਯੋਗ
ਸਾਰੰਗਵਾਲ ਦੀ ਸਰਪੰਚ ਸੁਰਜੀਤ ਕੌਰ ਨੇ ਮੁੱਖ ਮੰਤਰੀ ਨਾਲ ਪਿੰਡ ’ਚ ਵਰਤੀ ਜਾ ਰਹੀ ਅਹਿਤਿਆਤ ਬਾਰੇ ਕੀਤੀ ਆਨਲਾਈਨ ਗੱਲਬਾਤ

ਪਿੰਡਾਂ ਦੇ ਲੋਕ ਟੀਕਾਕਰਨ ਲਈ ਅੱਗੇ ਆਉਣ : ਡਾ. ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ, 18 ਮਈ (ਆਦੇਸ਼ ਪਰਮਿੰਦਰ ਸਿੰਘ ): ਪੇਂਡੂ ਖੇਤਰਾਂ ਵਿੱਚ ਪੈਰ ਪਸਾਰ ਰਹੇ ਕੋਰੋਨਾ ਵਾਇਰਸ ’ਤੇ ਫਤਿਹ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੇ ਵਸਨੀਕਾਂ ਤੋਂ ਮੰਗੇ ਸਹਿਯੋਗ ਦੌਰਾਨ ਅੱਜ ਇਥੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਦੇ ਸਹਿਯੋਗ ਨਾਲ ਕੋਵਿਡ-19 ਦੇ ਫੈਲਾਅ ਨੂੰ ਪੂਰੀ ਤਰ੍ਹਾਂ ਰੋਕੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਪੰਚਾਂ ਨੂੰ ਆਨਲਾਈਨ ਸੰਬੋਧਨ ਲਈ ਰੱਖੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉਪਰੰਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿੰਡਾਂ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਕੋਵਿਡ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਨਾਲ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਵੀ ਵਾਇਰਸ ਦੀ ਰੋਕਥਾਮ ਲਈ ਅਹਿਮ ਉਪਰਾਲੇ ਕੀਤੇ ਗਏ ਹਨ ਅਤੇ ਹੁਣ ਮੁੜ ਪੰਚਾਇਤਾਂ ਮਿਸ਼ਨ ਫਤਿਹ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਡਟ ਗਈਆਂ ਹਨ ਤਾਂ ਜੋ ਪਿੰਡਾਂ ਦੇ ਵਸਨੀਕ ਇਸ ਵਾਇਰਸ ਦੀ ਚਪੇਟ ਵਿੱਚ ਨਾ ਆਉਣ।
ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ ਬਾਰੇ ਗੱਲ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਮਿਸ਼ਨ ਫਤਿਹ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਇਕਮੁਠ ਹੋ ਕੇ ਕੰਮ ਕਰਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਟੀਕਾਕਰਨ ਕੈਂਪਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ।
ਮੁੱਖ ਮੰਤਰੀ ਵਲੋਂ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਲਈ 10 ਲੱਖ ਰੁਪਏ ਵਿਸ਼ੇਸ਼ ਗਰਾਂਟ ਵਜੋਂ ਦੇਣ ਦੇ ਐਲਾਨ ਨੂੰ ਸ਼ਲਾਘਾਯੋਗ ਦੱਸਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਡਰ ਅਤੇ ਵਹਿਮ ਵਿੱਚ ਨਾ ਪੈਂਦਿਆਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਮੌਕੇ ਪਿੰਡਾਂ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਸੱਦਾ ਦਿੱਤਾ ਕਿ ਯੋਗ ਲਾਭਪਾਤਰੀ ਜਲਦ ਕੋਵਿਡ ਵੈਕਸੀਨ ਲਗਵਾਉਣ ਜਿਹੜੀ ਕਿ ਮੌਜੂਦਾ ਸਿਹਤ ਸੰਕਟ ਸਮੇਂ ਬਹੁਤ ਹੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਹੂਲਤ ਲਈ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਵੈਕਸੀਨ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡਾਂ ਵਿੱਚ ਬਣ ਰਹੇ ਹਾਲਾਤ ਦੇ ਮੱਦੇਨਜ਼ਰ ਸਾਰਿਆਂ ਨੂੰ ਆਪਣਾ ਬਣਦਾ ਫਰਜ਼ ਨਿਭਾਉਂਦਿਆਂ ਹਦਾਇਤਾਂ ਦੀ ਪਾਲਣਾ ’ਚ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ।
ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਏ.ਡੀ.ਸੀ. (ਡੀ) ਹਰਬੀਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ ਆਦਿ ਮੌਜੂਦ ਸਨ।
ਜਾਗਰੂਕਤਾ ਕੈਂਪ, ਟੀਕਾਕਰਨ ਅਤੇ ਹਦਾਇਤਾਂ ਦੀ ਮੁਕੰਮਲ ਪਾਲਣਾ ਮੁੱਖ ਤਰਜ਼ੀਹ: ਸਰਪੰਚ ਸੁਰਜੀਤ ਕੌਰ  
ਪਿੰਡਾਂ ਵਿੱਚ ਆਨਲਾਈਨ ਪ੍ਰੋਗਰਾਮ ਰਾਹੀਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਬਲਾਕ ਮਾਹਿਲਪੁਰ ਦੇ ਪਿੰਡ ਸਾਰੰਗਵਾਲ ਦੀ ਸਰਪੰਚ ਸੁਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਜਾਰੀ ਸਲਾਹਕਾਰੀਆਂ ਨੂੰ ਪਿੰਡ ਵਿੱਚ ਇਨਬਿਨ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ 3 ਕੈਂਪ ਲਗਵਾਏ ਜਾ ਚੁੱਕੇ ਹਨ ਅਤੇ ਹੁਣ ਤੱਕ 70 ਫੀਸਦੀ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਠੀਕਰੀ ਪਹਿਰੇ ਦੇ ਨਾਲ-ਨਾਲ ਦਿਨ ਵੇਲੇ ਵੀ ਬਾਹਰੀ ਆਵਾਜਾਈ ਨੂੰ ਲੋੜੀਂਦੇ ਕਾਰਨ ਪੁੱਛੇ ਜਾਂਦੇ ਹਨ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਕੋਵਿਡ ਵੈਕਸੀਨ ਪ੍ਰਤੀ ਜਾਗਰੂਕ ਅਤੇ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਸ਼ਾ ਵਰਕਰਾਂ ਨੂੰ ਮਿਲੀ ਵਿਸ਼ੇਸ਼ ਕੋਵਿਡ ਕੇਅਰ ਕਿੱਟ ਲੋੜ ਪੈਣ ’ਤੇ ਵਰਤੀ ਜਾ ਸਕਦੀ ਹੈ।

ਕੈਪਸ਼ਨ: -01-ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਆਨਲਾਈਨ ਪ੍ਰੋਗਰਾਮ ’ਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਸ਼ਾਮਲ ਹੁੰਦੇ ਹੋਏ।
02,03– ਬਲਾਕ ਮਾਹਿਲਪੁਰ ਦੇ ਪਿੰਡ ਸਾਰੰਗਵਾਲ ਦੀ ਸਰਪੰਚ ਸੁਰਜੀਤ ਕੌਰ ਆਨਲਾਈਨ ਪ੍ਰੋਗਰਾਮ ਰਾਹੀਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸ਼ਖਸੀਅਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ।
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply